A woman badly beat a girl : ਚੰਡੀਗੜ੍ਹ ਦੇ ਸੈਕਟਰ-46 ਵਿੱਚ ਦੋ ਵੱਖਰੀਆਂ ਦੁਕਾਨਾਂ ਵਿੱਚ ਕੰਮ ਕਰਦੀਆਂ ਔਰਤਾਂ ਦੀ ਆਪਸ ਵਿੱਚ ਲੜਾਈ ਹੋ ਗਈ, ਜਿਸ ਵਿੱਚ ਔਰਤ ਨੇ ਲੜਕੀ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਸੰਬੰਧੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਔਰਤ ਅਤੇ ਲੜਕੀ ਵਿੱਚ ਪਹਿਲਾਂ ਬਹਿਸ ਹੁੰਦੀ ਰਹੀ। ਇਸ ਤੋਂ ਬਾਅਦ ਔਰਤ ਨੇ ਲੜਕੀ ’ਤੇ ਅਚਾਨਕ ਹਮਲਾ ਕਰ ਦਿੱਤਾ। ਔਰਤ ਨੇ ਲੜਕੀ ਨੂੰ ਵਾਲਾਂ ਤੋਂ ਖਿੱਚਿਆ, ਉਸ ਦੇ ਚਪੇੜਾਂ ਮਾਰੀਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪਤਾ ਲੱਗਾ ਹੈ ਕਿ ਕੁੱਟ ਦਾ ਸ਼ਿਕਾਰ ਹੋਈ ਲੜਕੀ ਆਪਣੇ ਰਿਸ਼ਤੇਦਾਰ ਦੀ ਦੁਕਾਨ ਵਿੱਚ ਕੰਮਕਾਜ ਸੰਭਾਲਦੀ ਹੈ, ਜਦਕਿ ਔਰਤ ਨਾਲ ਲੱਗਦੀ ਦੁਕਾਨ ਦੀ ਮਾਲਕਣ ਹੈ। ਹਾਲਾਂਕਿ ਲੜਾਈ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ। ਲੜਕੀ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਲੈ ਕੇ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਬਜਾਏ ਲੜਕੀ ’ਤੇ ਰਾਜ਼ੀਨਾਮਾ ਕਰਨ ਦਾ ਦਬਾਅ ਪਾਇਆ ਰਿਹਾ ਹੈ।
ਇਸ ਬਾਰੇ ਪੀੜਤ ਲੜਕੀ ਨੇ ਦੱਸਿਆ ਕਿ ਉਹ ਸੈਕਟਰ-46 ਵਿੱਚ ਆਪਣੇ ਇੱਕ ਰਿਸ਼ਤੇਦਾਰ ਦੀ ਦੁਕਾਨ ਵਿੱਚ ਅਕਾਊਂਟਸ ਸੰਭਾਲਦੀ ਹੈ। ਉਸ ਦੇ ਨਾਲ ਹੀ ਦੁਕਾਨ ਵਿੱਚ ਔਰਤ ਦੀ ਦੁਕਾਨ ਹੈ, ਜੋ ਉਸ ਨੂੰ ਰੋਜ਼ਾਨਾ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਦੀ ਹੈ। ਉਹ ਉਸ ਨੂੰ ਧਮਕੀਆਂ ਵੀ ਦਿੰਦੀ ਹੈ ਅਤੇ ਕਈ ਤਰ੍ਹਾਂ ਦੇ ਕਮੈਂਟਸ ਪਾਸ ਕਰਦੀ ਤੇ ਗਾਲ੍ਹਾਂ ਕੱਢਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਹਮੇਸ਼ਾ ਔਰਤ ਨੂੰ ਅਣਗੌਲਿਆਂ ਕੀਤਾ ਹੈ। ਉਸ ਨੇ ਔਰਤ ਨੂੰ ਕਿਹਾ ਕਿ ਉਹ ਉਸ ਨੂੰ ਇਸ ਤਰ੍ਹਾਂ ਤੰਗ ਨਾ ਕਰੇ ਤਾਂ ਔਰਤ ਨੇ ਉਸ ਨਾਲ ਬਦਸਲੂਕੀ ਕੀਤੀ। ਦੁਕਾਨ ਵਿੱਚ ਦਾਖਲ ਹੋ ਕੇ ਉਸ ਨੂੰ ਬੁਰੀ ਤਰ੍ਹਾਂ ਮਾਰਿਆ, ਜਿਸ ਵਿੱਚ ਉਸ ਨੂੰ ਕਾਫੀ ਸੱਟਾਂ ਆਈਆਂ ਹਨ। ਇਹ ਸਭ ਕੁਝ ਸੀਟੀਟੀਵੀ ਕੈਮਰੇ ਵਿੱਚ ਰਿਕਾਰਡ ਹੈ।
ਉਸ ਨੇ ਦੱਸਿਆ ਕਿ ਉਹ ਸੀਸੀਟੀਵੀ ਦੀ ਰਿਕਾਰਡਿੰਗ ਲੈ ਕੇ ਪੁਲਿਸ ਕੋਲ ਗਈ ਸੀ ਪਰ ਉਸ ਕੋਲ ਫੁਟੇਜ ਹੁੰਦੇ ਹੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ, ਸਗੋਂ ਪੁਲਿਸ ਉਸ ’ਤੇ ਰਾਜ਼ੀਨਾਮਾ ਕਰਨ ਦਾ ਦਬਾਅ ਪਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਰਾਜ਼ੀਨਾਮਾ ਨਹੀਂ ਕਰਨਾ ਚਾਹੁੰਦੀ, ਉਸ ਨੂੰ ਇਨਸਾਫ ਚਾਹੀਦਾ ਹੈ ਤੇ ਔਰਤ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਹਾਲਾਂਕਿ ਇਸ ਸੰਬੰਧੀ ਦੂਜੀ ਧਿਰ ਤੇ ਪੁਲਿਸ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।