Action will be taken on more onions : ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਬਾਜ਼ਾਰ ਵਿਚ ਪਿਆਜ਼ ਦੀ ਉਪਲਬਧਤਾ ਨੂੰ ਵਧਾਉਣ ਲਈ ਪ੍ਰਸ਼ਾਸਨ ਨੇ ਵਪਾਰੀਆਂ ਦੇ ਪਿਆਜ਼ ਸਟੋਰ ਕਰਨ ਦੀ ਸੀਮਾ ਤੈਅ ਕੀਤੀ ਹੈ। ਨਵੀਂ ਸਟਾਕ ਲਿਮਟ ਸ਼ਨੀਵਾਰ ਤੋਂ ਲਾਗੂ, 31 ਦਸੰਬਰ 2020 ਤੱਕ ਜਾਰੀ ਰਹੇਗੀ। ਇਸ ਦੇ ਤਹਿਤ ਥੋਕ ਵਪਾਰੀ 250 ਕੁਇੰਟਲ ਤੋਂ ਵੱਧ ਅਤੇ ਪ੍ਰਚੂਨ ਵਪਾਰੀ 20 ਕੁਇੰਟਲ ਤੋਂ ਵੱਧ ਪਿਆਜ਼ ਨਹੀਂ ਸਟੋਰ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਸਤੰਬਰ ਦੇ ਦੂਜੇ ਹਫ਼ਤੇ ਤੋਂ ਪਿਆਜ਼ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਖੁਰਾਕ ਅਤੇ ਸਪਲਾਈ ਵਿਭਾਗ ਇਸ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਸ਼ਨੀਵਾਰ ਨੂੰ ਵਿਭਾਗ ਦੀ ਟੀਮ ਨੇ ਸੈਕਟਰ-26 ਸਥਿਤ ਸਬਜ਼ੀ ਮੰਡੀ ਵਿਖੇ ਜਾਂਚ ਕੀਤੀ ਅਤੇ ਵਪਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿਆਜ਼ ਦੀ ਖਰੀਦ ਅਤੇ ਵਿਕਰੀ ਬਾਰੇ ਲਿਖਤੀ ਤੌਰ ‘ਤੇ ਪੂਰਾ ਵੇਰਵਾ ਰੱਖਣ। ਇਸ ਤੋਂ ਇਲਾਵਾ ਉਨ੍ਹਾਂ ਵਪਾਰੀਆਂ ਨੂੰ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੇ ਸਟਾਕ ਹੇਠ ਪਿਆਜ਼ ਜਮ੍ਹਾ ਕਰਨ ਦੀ ਹਦਾਇਤ ਕੀਤੀ। ਨਾਲ ਹੀ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੀ ਟੀਮ ਵਿਚ ਇੰਸਪੈਕਟਰ ਨੀਰਜ ਘਈ, ਖੁਸ਼ਦੇਵ ਸਿੰਗਲਾ ਅਤੇ ਤਰੁਣ ਨਰੂਲਾ ਸ਼ਾਮਲ ਸਨ, ਜਿਨ੍ਹਾਂ ਨੇ ਸਵੇਰੇ ਮੰਡੀ ਵਿਚ ਜਾਂਚ ਕੀਤੀ। ਜਾਂਚ ਦੌਰਾਨ ਥੋਕ ਵਿਕਰੇਤਾਵਾਂ, ਕਮਿਸ਼ਨ ਏਜੰਟਾਂ ਅਤੇ ਹੋਰ ਵਪਾਰੀਆਂ ਦੇ ਸਟਾਕ ਰਜਿਸਟਰਾਂ ਦੀ ਜਾਂਚ ਕੀਤੀ ਗਈ।
ਦੱਸ ਦੇਈਏ ਕਿ ਪ੍ਰਸ਼ਾਸਨ ਦੇ ਇਸ ਆਦੇਸ਼ ਨਾਲ ਪਿਆਜ਼ ਦੀਆਂ ਕੀਮਤਾਂ ‘ਤੇ ਰੋਕ ਲੱਗ ਸਕਦੀ ਹੈ। ਕੁਝ ਦਿਨ ਪਹਿਲਾਂ ਪਿਆਜ਼ ਦੀ ਕੀਮਤ 80 ਰੁਪਏ ਪ੍ਰਤੀ ਕਿੱਲੋ ਹੋ ਗਈ ਸੀ। ਇਸ ਸਮੇਂ ਪਿਆਜ਼ 40 ਤੋਂ 60 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਪ੍ਰਸ਼ਾਸਨ ਨੇ ਆਪਣੇ ਆਰਡਰ ਵਿੱਚ ਸਪੱਸ਼ਟ ਕੀਤਾ ਹੈ ਕਿ ਪਿਆਜ਼ ਵਪਾਰੀਆਂ ਨੂੰ ਹਰ ਰੋਜ਼ ਸਟਾਕ ਦਾ ਬਿਓਰਾ ਰੱਖਣਾ ਹੋਵੇਗਾ। ਪਿਆਜ਼ ਕਿੰਨਾ ਸੀ, ਕਿੰਨਾ ਆਇਆ, ਕਿੰਨਾ ਵਿਕਿਆ, ਕਿੰਨਾ ਬਚਿਆ, ਆਦਿ। ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਪਿਆਜ਼ ਪੈਦਾ ਕਰਨ ਵਾਲੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਕਾਰਨ ਪਿਆਜ਼ ਦੀ ਫਸਲ ਵਿਗੜ ਗਈ ਹੈ। ਇਸ ਕਾਰਨ ਕੀਮਤਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ।