Administration bans press : ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਅਤੇ ਹੋਰ ਸੰਗਠਨਾਂ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਪ੍ਰੈੱਸ ਕਾਨਫਰੰਸ ’ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਹਿਦਾਇਤਾਂ ਪ੍ਰਸ਼ਾਸਕ ਵੀਪੀ ਸਿੰਘ ਬਦਨੋਰ ਦੀ ਪ੍ਰਧਾਨਗੀ ਵਿਚ ਹੇਠ ਹੋਏ ਮੀਟਿੰਗ ਵਿਚ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਸਿਆਸੀ ਪਾਰਟੀਆਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਭੀੜ ਇਕੱਠੀ ਨਾ ਕੀਤੀ ਜਾਵੇ।
ਫਿਲਹਾਲ ਸ਼ਹਿਰ ਵਿਚ ਕਿਸੇ ਤਰ੍ਹਾਂ ਦਾ ਵੀਕੈਂਡ ਕਰਫਿਊ ਲਾਗੂ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਅਜੇ ਸ਼ਹਿਰ ਦੇ ਹਾਲਾਤ ’ਤੇ ਨਜ਼ਰ ਰਖੀ ਹੋਈ ਹੈ। ਪ੍ਰਸ਼ਾਸਨ ਅਤੇ ਪੁਲਿਸ ਦੇ ਅਫਸਰਾਂ ਨੂੰ ਮੀਟਿੰਗ ਦੌਰਾਨ ਲੋਕਾਂ ’ਤੇ ਸਖਤ ਨਿਗਰਾਨੀ ਰਖਣ ਲਈ ਕਿਹਾ ਗਿਆ ਹੈ। ਮੀਟਿੰਗ ਦੌਰਾਨ ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਚੰਡੀਗੜ੍ਹ ਅਤੇ ਲੇਹ ਤੋਂ 619 ਸੈਂਪਲ ਪੀਜੀਆਈ ਨੂੰ ਮਿਲੇ ਸਨ, ਜਿਨ੍ਹਾਂ ਵਿਚੋਂ 37 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ।
ਇਸ ਮੌਕੇ ਪੀਜਾਈ ਨੂੰ ਓਪੀਡੀ ’ਚ ਆਉਣ ਵਾਲੇ ਮਰੀਜ਼ਾਂ ਦੀ ਵੀ ਕੋਰੋਨਾ ਜਾਂਚ ਕਰਨ ਲਈ ਕਿਹਾ ਗਿਆ। ਉਥੇ ਹੀ ਨਗਰ ਨਿਗਮ ਦੇ ਕਮਿਸ਼ਨਰ ਕੇਕੇ ਯਾਦਵ ਨੇ ਦੱਸਿਆ ਕਿ ਸੈਕਟਰ-17 ਦਾ 26 ਦੀ ਮੰਡੀ ਵਿਚ ਵੀ ਆਉਣ ਵਾਲਿਆਂ ਦੀ ਸਖਤੀ ਨਾਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਹੁਣ ਤੱਕ ਕੋਰੋਨਾ ਦੇ 600 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 446 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਸ਼ਹਿਰ ਵਿਚ ਕੋਰੋਨਾ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।