Case registered against SHO Jaswinder Kaur : ਚੰਡੀਗੜ੍ਹ : ਮਨੀਮਾਜਰਾ ਥਾਣੇ ਦੀ SHO ਜਸਵਿੰਦਰ ਕੌਰ ਦਾ ਨਾਂ ਇਕ ਵਾਰ ਫਿਰ ਰਿਸ਼ਵਤ ਲੈਣ ਦੇ ਮਾਮਲੇ ਵਿਚ ਸਾਹਮਣੇ ਆਇਆ ਹੈ, ਜਿਸ ਦੇ ਚੱਲਦਿਆਂ ਜਸਵਿੰਦਰ ਕੌਰ ਨੂੰ ਲਾਈਨ ਹਾਜ਼ਰ ਕਰਕੇ ਇੰਸਪੈਕਟਰ ਨੀਰਜ ਸਰਨਾ ਨੂੰ ਥਾਣਾ ਇੰਚਾਰਜ ਬਣਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਐਸਐਚਓ ਜਸਵਿੰਦਰ ਕੌਰ ਖਿਲਾਫ 5 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਨੀਮਾਜਰਾ ਦੇ ਹੀ ਰਹਿਣ ਵਾਲੇ ਗੁਰਦੀਪ ਨਾਂ ਦੇ ਵਿਅਕਤੀ ਨੇ CBI ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਕ ਦੋਸ਼ੀ ਨੂੰ ਬਚਾਉਣ ਲਈ SHO ਜਸਵਿੰਦਰ ਕੌਰ ਨੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ।
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਇਸ ਮਾਮਲੇ ਵਿਚ ਉਹ SHO ਨੂੰ ਪਹਿਲਾਂ ਹੀ ਦੋ ਲੱਖ ਰੁਪਏ ਦੇ ਚੁੱਕਾ ਹੈ। ਇਸ ਮਾਮਲੇ ਵਿਚ CBI ਨੇ ਟ੍ਰੈਪ ਲਗਾ ਕੇ ਇਸ ਮਾਮਲੇ ਵਿਚ ਵਿਚੌਲੀਏ ਭਗਵਾਨ ਸਿੰਘ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਹੁਣ CBI ਵੱਲੋਂ ਭਗਵਾਨ ਸਿੰਘ ਦੇ ਨਾਲ-ਨਾਲ SHO ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ CBI ਵੱਲੋਂ SHO ਦੇ ਆਫਿਸ ਤੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ਵਿਚ CBI ਨੇ SHO ਜਸਵਿੰਦਰ ਕੌਰ ਨੂੰ ਤਿੰਨ ਵਜੇ ਤਲਬ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ SHO ਸੈਕਟਰ-31 ਦੇ ਥਾਣੇ ਵਿਚ ਤਾਇਨਾਤ ਸੀ, ਉਸ ਸਮੇਂ ਵੀ ਇਕ ਸਬ-ਇੰਸਪੈਕਟਰ ਵੱਲੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਵਿਚ ਵੀ ਜਸਵਿੰਦਰ ਕੌਰ ਦਾ ਨਾਂ ਸਾਹਮਣੇ ਆਇਆ ਸੀ। ਹਾਲਾਂਕਿ ਉਸ ਕੇਸ ਵਿਚ ਉਹ ਉਸ ਸਮੇਂ ਬੱਚ ਗਈ ਸੀ।