Chandigarh girl photographed : ਚੰਡੀਗੜ੍ਹ : ਕੁਝ ਲੋਕ ਆਪਣੀ ਮਾੜੀ ਸੋਚ ਦੇ ਚੱਲਦਿਆਂ ਗੰਭੀਰ ਮੁੱਦਿਆਂ ’ਤੇ ਵੀ ਘਟੀਆ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਚੰਡੀਗੜ੍ਹ ਵਿੱਚ ਜਿੱਥੇ ਉੱਤਰ ਪ੍ਰਦੇਸ਼ ਦੇ ਹਥਰਾਸ ਵਿੱਚ ਦਰਿੰਦਗੀ ਦੀ ਸ਼ਿਕਾਰ ਹੋਈ ਇੱਕ ਲੜਕੀ ਦੇ ਨਾਂ ’ਤੇ ਘਿਨੌਣੀ ਹਰਕਤ ਕੀਤੀ ਗਈ। ਕੁਝ ਵਿਅਕਤੀਆਂ ਨੇ ਚੰਡੀਗੜ੍ਹ ਦੀ ਇਕ ਲੜਕੀ ਦੀ ਤਸਵੀਰ ਇਸ ਹਾਥਰਸ ਦੀ ਧੀ ਦੇ ਨਾਂ ’ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਚੰਡੀਗੜ੍ਹ ਦੀ ਇਹ ਲੜਕੀ ਵੀ ਹੁਣ ਇਸ ਦੁਨੀਆ ਵਿਚ ਨਹੀਂ ਹੈ। ਜਦੋਂ ਇਸ ਦੀ ਜਾਣਕਾਰੀ ਉਸ ਦੇ ਪਰਿਵਾਰ ਨੂੰ ਮਿਲੀ ਤਾਂ ਉਹ ਹੈਰਾਨ ਹੀ ਰਹਿ ਗਏ। ਲੜਕੀ ਦੇ ਪਿਤਾ ਵੱਲੋਂ ਪੁਲਿਸ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਲੜਕੀ ਦੇ ਪਿਤਾ ਜੋ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਹਨ, ਨੇ ਐਸਐਸਪੀ ਵਿੰਡੋ ਉੱਤੇ ਧੀ ਦੀ ਫੋਟੋ ਵਾਇਰਲ ਹੋਣ ਸੰਬੰਧੀ ਸ਼ਿਕਾਇਤ ਕੀਤੀ ਹੈ। ਐਸਐਸਪੀ ਦਫਤਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਥਾਣੇ ਅਤੇ ਸਬੰਧਤ ਸਾਈਬਰ ਸੈੱਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਫਿਲਹਾਲ, ਸਾਈਬਰ ਸੈੱਲ ਦੀ ਟੀਮ ਵੱਲੋਂ ਮੁਲਜ਼ਮ ਦੀ ਭਾਲ ਵਿਚ ਡਾਟਾ ਖੰਗਾਲਿਆ ਜਾ ਰਿਹਾ ਹੈ।
ਲੜਕੀ ਦਾ ਪਰਿਵਾਰ ਚੰਡੀਗੜ੍ਹ ਦੇ ਰਾਮ ਦਰਬਾਰ ਖੇਤਰ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 21 ਜੂਨ 2018 ਨੂੰ ਹੋਇਆ ਸੀ। ਉਸ ਦੀ ਧੀ ਦੀ ਪੱਥਰੀ ਦੀ ਬਿਮਾਰੀ ਤੇਜ਼ੀ ਨਾਲ ਵੱਧਣੀ ਸ਼ੁਰੂ ਹੋ ਗਈ ਸੀ। ਇਸ ਦੌਰਾਨ 22 ਜੁਲਾਈ 2018 ਨੂੰ ਉਸ ਦੀ ਮੌਤ ਹੋ ਗਈ। ਹਾਥਰਾਸ ‘ਚ ਲੜਕੀ ਨਾਲ ਹੋ ਰਹੇ ਜ਼ੁਲਮ ਦੇ ਮਾਮਲੇ ਤੋਂ ਬਾਅਦ ਲੋਕ ਸੋਸ਼ਲ ਮੀਡੀਆ’ ’ਤੇ ਪੀੜਤ ਪਰਿਵਾਰ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਵਿੱਚ ਪੀੜਤਾ ਦੇ ਨਾਮ ‘ਤੇ ਉਨ੍ਹਾਂ ਦੀ ਧੀ ਦੀ ਤਸਵੀਰ ਲਗਾ ਕੇ ਵਾਇਰਲ ਕਰ ਰਹੇ ਹਨ। ਇਸ ਬਾਰੇ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਹਨ। ਇਸ ਨਾਲ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।