Covid-19 patient death sparks commotion : ਚੰਡੀਗੜ੍ਹ ਵਿਖੇ ਬੀਤੀ ਦੇਰ ਰਾਤ ਨੂੰ ਕੋਰੋਨਾ ਪੀੜਤ ਮਰੀਜ਼ ਦੀ ਜੀਐਮਸੀਐਚ-32 ਵਿਚ ਮੌਤ ਹੋ ਜਾਣ ਤੋਂ ਬਾਅਦ ਯੁਸ ਦੇ ਪਰਿਵਾਰ ਵੱਲੋਂ ਖੂਬ ਹੰਗਾਮਾ ਕਰਦਿਆਂ ਹਸਪਤਾਲ ਵਿਚ ਤੋੜ-ਫੋੜ ਕੀਤੀ ਗਈ, ਜਿਸ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ। ਮਿਲੀ ਜਾਣਕਾਰੀ ਜੀਐਮਸੀਐਚ ਦੀ ਕੋਵਿਡ-ਆਈਸੀਯੂ ਵਿਚ ਦਾਖਲ 42 ਸਾਲਾ ਮਰੀਜ਼ ਜੋਕਿ ਪ੍ਰੀਤ ਕਾਲੋਨੀ ਜ਼ੀਰਕਪੁਰ ਦਾ ਰਹਿਣ ਵਾਲਾ ਸੀ, ਦੀ ਕੱਲ੍ਹ ਦੇਰ ਰਾਤ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮੌਤ ਲਈ ਡਾਕਟਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਨ੍ਹਾਂ ’ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਆਈਸੀਯੂ ਦੇ ਅੰਦਰ ਤੋੜਫੋੜ ਕੀਤੀ। ਇਸ ’ਤੇ ਹਸਪਤਾਲ ਸਟਾਫ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ’ਤੇ ਪੁਲਿਸ ਨੇ ਮੌਕੇ ’ਤੇ ਪਹੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਪੁਲਿਸ ਵੱਲੋਂ ਕਿਸੇ ’ਤੇ ਵੀ ਫਿਲਹਾਲ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗੀ। ਹਾਲਾਂਕਿ ਇਸ ਮਾਮਲੇ ਵਿਚ ਹਸਪਤਾਲ ਪ੍ਰਸ਼ਾਸਨ ਚੁੱਪ ਹੈ।
ਉਥੇ ਹੀ ਆਈਸੀਯੂ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਤਰ੍ਹਾਂ ਹੰਗਾਮਾ ਕੀਤੇ ਜਾਣ ਨਾਲ ਹਸਪਤਾਲ ਦਾ ਸਟਾਫ ਅਤੇ ਡਾਕਟਰ ਗੁੱਸੇ ਵਿਚ ਹਨ। ਉਨ੍ਹਾੰ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਸੁਰੱਖਿਆ ਨੂੰ ਲੈ ਕੇ ਅਣਦੇਖੀ ਕੀਤੀ ਜਾ ਰਹੀ ਹੈ। ਜੇਕਰ ਇਹੀ ਸਥਿਤੀ ਰਹੀ ਤਾਂ ਇਥੇ ਡਿਊਟੀ ਕਰਨਾ ਮੁਸ਼ਕਲ ਹੋ ਜਾਵੇਗਾ। ਦੱਸਣਯੋਗ ਹੈ ਕਿ ਹਸਪਤਾਲ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਸਵਾਲ ਉਠਾਏ ਜਾ ਰਹੇ ਹਨ। ਦੋ ਦਿਨ ਪਹਿਲਾਂ ਹੀ ਹਸਪਤਾਲ ਵਿਚ ਸੁਰੱਖਿਆ ਗਾਰਡ ਦੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।