Covid patient committed suicide : ਚੰਡੀਗੜ੍ਹ ਵਿਚ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਾਸਪੀਟਲ ਸੈਕਟਰ-32 (ਜੀਐਮਸੀਐਚ-32) ਵਿਚ ਕੋਰੋਨਾ ਦੇ ਇਕ ਮਰੀਜ਼ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਲਹੂ-ਲੁਹਾਨ ਹਾਲਤ ਵਿਚ ਤੁਰੰਤ ਇਲਾਜ ਲਈ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ। ਲਾਸ਼ ਨੂੰ ਜੀਐਮਸੀਐਚ-32 ਦੀ ਮੋਰਚਰੀ ਵਿਚ ੜਕਵਾ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਸੈਕਟਰ-55 ਦੇ ਰਹਿਣ ਵਾਲਾ 60 ਸਾਲਾ ਚੁੰਨੀ ਲਾਲ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ ਅਤੇ ਉਸ ਦਾ ਇਲਾਜ ਜੀਐਸਸੀਐਚ-32 ਵਿਚ ਚੱਲ ਰਿਹਾ ਸੀ। ਐਤਵਾਰ ਨੂੰ ਸਵੇਰੇ ਲਗਭਗ 7.30 ਵਜੇ ਉਸ ਨੇ ਅਚਾਨਕ ਹਸਪਤਾਲ ਦੇ ਏ-ਬਲਾਕ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਇੰਨੀ ਉਪਰੋਂ ਡਿਗੱਣ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਦੌਰਾਨ ਹਸਪਤਾਲ ਵਿਚ ਡਿਊਟੀ ਦੇ ਰਹੇ ਚਾਰ ਸਕਿਓਰਿਟੀ ਗਾਰਡਾਂ ਨੇ ਉਸ ਨੂੰ ਤੁਰੰਤ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ, ਜਿਥੇ ਉਸ ਦੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਹਸਪਤਾਲ ਵਿਚ ਸਨਸਨੀ ਫੈਲ ਗਈ ਹੈ। ਇਸ ਦੀ ਸੂਚਨਾ ਤੁਰੰਤ ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਮਰੀਜ਼ ਨੇ ਅਜਿਹਾ ਕਦਮ ਕਿਉਂ ਚੁੱਕਿਆ ਇਸ ਦਾ ਅਜੇ ਕੁਝ ਪਤਾ ਨਹੀਂ ਲੱਗਾ। ਪੁਲਿਸ ਉਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗੀ ਹੋਈ ਹੈ। ਜਿਨ੍ਹਾਂ ਗਾਰਡਸ ਨੇ ਮਰੀਜ਼ ਨੂੰ ਇਲਾਜ ਲਈ ਐਮਰਜੈਂਸੀ ਵਿਚ ਪਹੁੰਚਾਇਆ ਹੈ, ਹੁਣ ਉਨ੍ਹਾਂ ਵਿਚ ਵੀ ਕੋਰੋਨਾ ਇਨਫੈਕਸ਼ਨ ਦੇ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਵੀ ਹੁਣ ਕੁਆਰੰਟਾਈਨ ਕੀਤਾ ਜਾਵੇਗਾ।