In Mohali complaints : ਮੋਹਾਲੀ : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਆਮਦ ਨੂੰ ਘੱਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਨਲਾਈਨ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀਜੀਆਰਐਸ) ਅਪਣਾਈ ਜਾਵੇਗੀ। ਡਾਇਰੈਕਟੋਰੇਟ ਆਫ਼ ਗਵਰਨੈਂਸ ਰਿਫਾਰਮਜ਼ (ਡੀ.ਜੀ.ਆਰ.) ਪੰਜਾਬ ਵੱਲੋਂ ਵਿਕਸਿਤ ਕੀਤੀ ਪੀ.ਜੀ.ਆਰ.ਐੱਸ. ਰਾਹੀਂ 24X7 ਸ਼ਿਕਾਇਤਾਂ ਦਾ ਨਿਪਟਾਰਾ ਆਨਲਾਈਨ ਕੀਤਾ ਜਾਵੇਗਾ, ਜਿਸ ਨਾਲ ਲੋਕ ਵੱਖ-ਵੱਖ ਦਫਤਰਾਂ ਵਿੱਚ ਜਾਏ ਬਿਨਾਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ।
ਦੱਸਣਯੋਗ ਹੈ ਕਿ ਨਾਗਰਿਕ ਚਾਰ ਢੰਗ-ਤਰੀਕਿਆਂ- ਵੈੱਬ, ਮੋਬਾਈਲ, ਸੇਵਾ ਕੇਂਦਰ ਅਤੇ ਇੱਕ ਕਾਲ ਸੈਂਟਰ ਰਾਹੀਂ ਪੀਜੀਆਰਐਸ ‘ਤੇ ਪਹੁੰਚ ਕਰ ਸਕਦੇ ਹਨ। ਪੀਜੀਆਰਐਸ ਦੇ ਆਨਲਾਈਨ ਪੋਰਟਲ ਦੀ ਵਰਤੋਂ ਕਰਦੇ ਹੋਏ, ਇੱਕ ਸ਼ਿਕਾਇਤਕਰਤਾ ਅਸਾਨੀ ਨਾਲ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਆਪਣੀ ਸ਼ਿਕਾਇਤ ਦਾ ਜਵਾਬ ਪ੍ਰਾਪਤ ਕਰ ਸਕਦਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਾਨ ਨੇ ਦੱਸਿਆ ਕਿ ਪਹਿਲਾਂ ਹਰ ਵਿਭਾਗ ਕੋਲ ਆਪਣੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਹੁੰਦੀ ਸੀ ਜਿਸ ਵਿਚ ਸ਼ਿਕਾਇਤਾਂ ਦੇ ਨਿਪਟਾਰੇ ਲਈ ਨਿਰਧਾਰਤ ਮਾਪਦੰਡ ਅਤੇ ਸ਼ਿਕਾਇਤ ਦੇ ਹੱਲ ਤੇ ਜਵਾਬਦੇਹੀ ਲਈ ਕੋਈ ਤੈਅ ਸਮਾਂ-ਸੀਮਾ ਨਹੀਂ ਸੀ। ਇਸਦੇ ਉਲਟ, ਪੀਜੀਆਰਐਸ ਕੋਲ ਸ਼ਿਕਾਇਤ ਨਿਵਾਰਣ ਲਈ ਸਪਸ਼ਟ, ਪ੍ਰਮਾਣਿਤ ਕਾਰਜਪ੍ਰਣਾਲੀ ਮੌਜੂਦ ਹੈ। ਇਹ ਪ੍ਰਣਾਲੀ ਸ਼ਿਕਾਇਤਾਂ ਦੇ ਨਿਪਟਾਰੇ ਦੇ ਕੰਮਕਾਜ ਵਿਚ ਹਰੇਕ ਅਧਿਕਾਰੀ ਲਈ ਸਮਾਂ-ਸੀਮਾ ਨਿਰਧਾਰਤ ਕਰਦੀ ਹੈ ਅਤੇ ਸ਼ਿਕਾਇਤਾਂ ਦੇ ਦਿੱਤੇ ਹੱਲ ਸਬੰਧੀ ਨਾਗਰਿਕ ਆਪਣਾ ਫੀਡਬੈਕ ਦੇ ਸਕਦੇ ਹਨ ਅਤੇ ਆਪਣੀ ਸ਼ਿਕਾਇਤ ਨੂੰ ਉੱਚ ਅਧਿਕਾਰੀਆਂ ਕੋਲ ਪਹੁੰਚਾ ਸਕਦੇ ਹਨ।