ਚੰਡੀਗੜ੍ਹ ਅਤੇ ਜ਼ੀਰਕਪੁਰ ਦੇ ਬਾਰਡਰ ‘ਤੇ ਬੀਤੀ ਰਾਤ ਤਾਬੜਤੋੜ ਗੋਲੀਆਂ ਚੱਲੀਆ। ਦੇਰ ਰਾਤ ਦੋ ਗੱਡੀਆਂ ਵਿਚਾਲੇ ਸ਼ੁਰੂ ਹੋਈ ਮਾਮੂਲੀ ਬਹਿਸ ਕੁਝ ਹੀ ਦੇਰ ਵਿਚ ਹਿੰਸਕ ਝੜਪ ਵਿਚ ਬਦਲ ਗਈ, ਜਿਸ ਵਿਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦਾ ਨਾਂ ਸੰਜੂ ਵਾਸੀ ਵੀਆਈਪੀ ਰੋਡ ਜ਼ੀਰਕਪੁਰ ਦੱਸਿਆ ਜਾ ਰਿਹਾ ਹੈ।
ਰਾਹਗੀਰਾਂ ਮੁਤਾਬਕ ਦੋਵਾਂ ਗੱਡੀਆਂ ਵਿੱਚ ਦੋ-ਤਿੰਨ ਨੌਜਵਾਨ ਸਵਾਰ ਸਨ, ਇੱਕ ਜਿਪਸੀ ਅਤੇ ਦੂਜੀ ਸੈਂਟਰੋ ਕਾਰ ਸੀ। ਜ਼ੀਰਕਪੁਰ ਤੋਂ ਕੁਝ ਕਿਲੋਮੀਟਰ ਪਹਿਲਾਂ ਦੋਵਾਂ ਵਾਹਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜੋ ਕਿ ਚੰਡੀਗੜ੍ਹ ਬਾਰਡਰ ‘ਤੇ ਪਹੁੰਚਣ ਤੱਕ ਝਗੜੇ ‘ਚ ਬਦਲ ਗਈ। ਜਿਵੇਂ ਹੀ ਗੱਡੀਆਂ ਰੁਕੀਆਂ ਤਾਂ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ ਤੇ ਦੋਵਾਂ ਨੇ ਇੱਕ-ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਜਿਪਸੀ ‘ਤੇ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਜਦਕਿ ਸੈਂਟਰੋ ‘ਤੇ ਸਵਾਰ ਨੌਜਵਾਨਾਂ ਨੇ ਪਥਰਾਅ ਕਰਕੇ ਜਵਾਬ ਦਿੱਤਾ। ਇੱਕ ਮੁੰਡੇ ਦੇ ਗੋਲੀ ਲੱਗੀ ਹੈ। ਇਸ ਘਟਨਾ ਵਿੱਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਦੇ ਡੀਐਸਪੀ (ਦੱਖਣੀ) ਜਸਵਿੰਦਰ ਸਿੰਘ, ਸੈਕਟਰ-31 ਦੇ ਐਸਐਚਓ ਰਾਜੀਵ ਕੁਮਾਰ, ਹੱਲੋਮਾਜਰਾ ਪੁਲਿਸ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਅਤੇ ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਸਮੇਤ ਪੰਜਾਬ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ। ਪੁਲਿਸ ਨੇ ਮੌਕੇ ਤੋਂ ਦੋ ਜਿੰਦਾ ਕਾਰਤੂਸ ਦੇ ਖੋਲ ਵੀ ਬਰਾਮਦ ਕੀਤੇ ਹਨ।
ਫਿਲਹਾਲ ਪੁਲਿਸ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਇਹ ਮਾਮਲਾ ਨਿੱਜੀ ਰੰਜਿਸ਼ ਦਾ ਜਾਪਦਾ ਹੈ, ਹਾਲਾਂਕਿ ਪੁਲਿਸ ਨੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਇੱਕ ਹੋਰ ਐ.ਨ/ਕਾ.ਊਂਟਰ, ਨਾਕੇ ‘ਤੇ ਪੁਲਿਸ ਤੇ ਬ.ਦ/ਮਾਸ਼ ਵਿਚਾਲੇ ਹੋਇਆ ਮੁਕਾਬਲਾ
ਮਾਮਲੇ ਸਬੰਧੀ ਡੀਐਸਪੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੂਰੇ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
