Mobile testing facility : ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸੈਕਟਰ-16 ਦੇ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ (ਜੀਐਮਐਸਐਚ) ਵਿਚ ਮੋਬਾਈਲ ਟੈਸਟਿੰਗ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਟੈਸਟਿੰਗ ਟੀਮਾਂ ਵੱਲੋਂ ਮੋਬਾਈਲ ਵੈਨਾਂ ‘ਤੇ ਜਾ ਕੇ ਸੈਂਪਲ ਇਕੱਠੇ ਕਰਕੇ ਮੌਕੇ ’ਤੇ ਹੀ ਉਨ੍ਹਾਂ ਸੈਂਪਲਾਂ ਦੇ ਨਤੀਜੇ ਦਿੱਤੇ ਜਾਣਗੇ। ਯੂਟੀ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਪੰਜਾਬ ਰਾਜ ਭਵਨ ਵਿਖੇ ਇਕ ਸਮੀਖਿਆ ਬੈਠਕ ਵਿਚ ਇਸ ਸਬੰਧੀ ਹਿਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮੋਬਾਈਲ ਟੈਸਟਿੰਗ ਅਜਿਹੇ ਬਜ਼ੁਰਗ ਨਾਗਰਿਕਾਂ ਲਈ ਬਹੁਤ ਹੀ ਮਦਦਗਾਰ ਸਿੱਧ ਹੋਵੇਗੀ, ਜੋ ਹਸਪਤਾਲਾਂ ਵਿਚ ਜਾਣ ਤੋਂ ਝਿਜਕਦੇ ਹਨ।
ਯੂਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਬਦਨੌਰ ਨੇ ਕਿਹਾ ਕਿ ਪ੍ਰਸ਼ਾਸਨ ਦਾ ਧਿਆਨ ਕੋਵਿਡ ਦੇ ਮਾਮਲਿਆਂ ਦਾ ਛੇਤੀ ਤੋਂ ਛੇਤੀ ਪਤਾ ਲਗਾਉਣ ‘ਤੇ ਹੋਣਾ ਚਾਹੀਦਾ ਹੈ, ਖ਼ਾਸਕਰ ਤੌਰ ’ਤੇ ਕਮਜ਼ੋਰੀ ਵਾਲੇ ਮਰੀਜ਼ਾਂ ਨੂੰ, ਤਾਂ ਜੋ ਇਸ ਦੇ ਫੈਲਾਅ ਨੂੰ ਘੱਟ ਕੀਤਾ ਜਾ ਸਕੇ। ਮੀਟਿੰਗ ਦੌਰਾਨ ਉਨ੍ਹਾਂ ਸੂਚਨਾ ਸਿੱਖਿਆ ਸੰਚਾਰ (ਆਈ. ਸੀ. ਆਈ.) ਦੀਆਂ ਗਤੀਵਿਧੀਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਵੀ ਕਿਹਾ।
ਉਨ੍ਹਾਂ ਕਿਹਾ ਕਿ ਜ਼ਰੂਰੀ ਹੋਣ ’ਤੇ ਸਾਰੇ ਵਸਨੀਕਾਂ ਨੂੰ ਐਸਐਮਐਸ ਭੇਜ ਕੇ ਸਾਫ-ਸਫਾਈ ਦੀ ਪਾਲਣਾ ਕਰਨ ਅਤੇ ਲੱਛਣਾਂ ਦੇ ਪਹਿਲੇ ਸੰਕੇਤ ’ਤੇ ਖੁਦ ਦਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਲਾਕਿਆਂ ਦੇ ਵਾਲੰਟੀਅਰਾਂ ਜਾਂ ਸਮਾਜ ਸੇਵੀਆਂ ਦੀਆਂ ਸੇਵਾਵਾਂ ਦੀ ਵਰਤੋਂ ਮੈਡੀਕਲ ਸਹੂਲਤਾਂ ਲੈਣ ਚੰਡੀਗੜ੍ਹ ਤੋਂ ਬਾਹਰੋਂ ਆਏ ਲੋਕਾਂ ’ਤੇ ਨਜ਼ਰ ਰੱਖਣ ਲਈ ਕੀਤੀ ਜਾਣੀ ਚਾਹੀਦੀ ਹੈ ਅਤੇ ਉਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਇਨਫੈਕਸ਼ਨ ਨਾ ਫੈਲ ਸਕੇ।