PU teachers will work from : ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿਚ 31 ਜੁਲਾਈ ਤੱਕ ਟੀਚਿੰਗ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੌਰਾਨ ਅਧਿਆਪਕ ਘਰੋਂ ਹੀ ਕੰਮ ਕਰਨਾ ਜਾਰੀ ਰਖਣਗੇ। ਬੀਤੇ ਦਿਨ ਜਾਰੀ ਇਕ ਬਿਆਨ ਦੌਰਾਨ ਪੀਯੂ ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋੜ ਪੈਣ ’ਤੇ ਕਿਸੇ ਕਿਸੇ ਵੀ ਮੈਂਬਰ ਨੂੰ ਬੁਲਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਕੈਂਪਸ ਵਿਚ ਨਾਨ-ਟੀਚਿੰਗ ਮੁਲਾਜ਼ਮਾਂ ਵਿਚੋਂ ਇਕ ਤਿਹਾਈ ਹੀ ਦਫਤਰ ਆਉਣਗੇ। ਉਨ੍ਹਾਂ ਸਿੱਖਿਆ ਵਿਭਾਗਾਂ ਵਿਚ ਜਿਥੇ ਨਾਨ-ਟੀਚਿੰਗ ਸਟਾਫ ਦੀ ਗਿਣਤੀ ਪੰਜ ਜਾਂ ਪੰਜ ਤੋਂ ਘੱਟ ਹੈ, ਵਿਭਾਗ ਮੁਖੀ ਲੋੜ ਦੇ ਆਧਾਰ ’ਤੇ 33 ਫੀਸਦੀ ਤੋਂ ਵੱਧ ਕਰਮਚਾਰੀਆਂ ਨੂੰ ਡਿਊਟੀ ’ਤੇ ਬੁਲਾ ਸਕਦੇ ਹਨ। ਰਜਿਸਟਰਾਰ ਨੇ ਅੱਗੇ ਦੱਸਿਆ ਕਿ ਸਾਰੇ ਕਰਮਚਾਰੀ ਯੂਨੀਵਰਸਿਟੀ ਵੱਲੋਂ ਹੁਣੇ ਜਿਹੇ ਜਾਰੀ ਕੀਤੇ ਗਏ ਐਓਪੀ ਦੀ ਪਾਲਣਾ ਕਰਨਗੇ। ਇਸ ਤੋਂ ਇਲਾਵਾ ਕੇੰਦਰ ਸ਼ਾਸਿਤ ਸੂਬੇ, ਚੰਡੀਗੜ੍ਹ ਅਤੇ ਪੰਜਾਬ ਵਿਚ ਸਥਿਤ ਸਬੰਧਤ ਸਰਕਾਰਾਂ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਨਗੇ।
ਦੱਸਣਯੋਗ ਹੈ ਕਿ ਪੀਯੂ ਦੇ ਕੰਸਟ੍ਰਕਸ਼ਨ ਆਫਿਸ ਵਿਚ ਕੰਮ ਕਰ ਰਹੇ ਲਗਭਗ 200 ਤੋਂ ਵੱਧ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ’ਤੇ ਬੀਤੇ ਦਿਨ 40 ਤੋਂ 50 ਫੀਸਦੀ ਮੁਲਾਜ਼ਮਾਂ ਵੱਲੋਂ ਵੀਸੀ ਆਫਿਸ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਉਥੇ ਹੀ 250 ਅਸਥਾਈ ਕਰਮਚਾਰੀਆਂ ਨੂੰ ਅਚਾਨਕ ਕੰਮ ’ਤੇ ਨਾ ਆਉਣ ਦਾ ਹੁਕਮ ਦੇਣ ’ਤੇ ਦੂਸਰਾ ਧਰਨਾ ਪ੍ਰਸ਼ਾਸਨਿਕ ਬਲਾਕ ਦੇ ਬਾਹਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਸੈਕਟਰ-42 ਸਥਿਤ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਫਾਰ ਗਰਲਸ ਦੇ ਐਸੋਸੀਏਟ ਪ੍ਰੋਫੈਸਰ ਅਤੇ ਜੂਲੋਜੀ ਵਿਭਾਗ ਦੇ ਪ੍ਰਧਾਨ ਡਾ. ਦਲੀਪ ਕੁਮਾਰ 30 ਸਾਲਾਂ ਦੀਆਂ ਸੇਵਾਵਾਂ ਦੇਣ ਤੋਂ ਬਾਅਦ ਰਿਟਾਇਰ ਹੋ ਗਏ।