Registration is mandatory for people : ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਚੰਡੀਗੜ੍ਹ ਵਿਚ ਬਾਹਰਲੇ ਸੂਬਿਆਂ ਤੋਂ ਚੰਡੀਗੜ੍ਹ ਵਿਚ ਆਉਣ ਵਾਲੇ ਲੋਕਾਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ, ਇਸ ਦੇ ਨਾਲ ਹੀ ਜੇਕਰ ਕੋਈ ਅਜਿਹਾ ਨਹੀਂ ਕਰਵਾਉਂਦਾ ਤਾਂ ਜਿਸ ਘਰ, ਹੋਟਲ ਜਾਂ ਗੈਸਟ ਹਾਊਸ ਵਿਚ ਵਿਚ ਉਹ ਠਹਿਰੇਗਾ ਤਾਂ ਇਸ ਦੀ ਜ਼ਿੰਮੇਵਾਰੀ ਉਥੇ ਦੇ ਮਾਲਿਕ ਦੀ ਹੋਵੇਗੀ। ਇਹ ਹਿਦਾਇਤਾਂ ਬੀਤੇ ਦਿਨ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਚੇਅਰਪਰਸਨ ਕਮ ਸਲਾਹਕਾਰ ਮਨੋਜ ਪਰੀਦਾ ਦੀ ਰਾਜ ਕਾਰਜਕਾਰੀ ਕਮੇਟੀ ਨੇ ਜਾਰੀ ਕਰਦਿਆਂ ਕਿਹਾ ਕਿ ਬਾਹਰਲੇ ਸੂਬੇ ਤੋਂ ਆਏ ਲੋਕ ਜੇਕਰ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਆਪਦਾ ਪ੍ਰਬੰਧਨ ਐਕਟ -2005 ਦੀ ਧਾਰਾ -51 ਤਹਿਤ ਜ਼ੁਰਮਾਨਾ ਅਤੇ ਇਕ ਸਾਲ ਦੀ ਕੈਦ ਵੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਬਾਹਰੋਂ ਆਏ ਲੋਕਾਂ ਲਈ ਕੁਆਰੰਟਾਈਨ ’ਚ ਰਹਿਣਾ ਜ਼ਰੂਰੀ ਹੋਵੇਗਾ ਅਤੇ ਅਜਿਹੇ ਲੋਕਾਂ ਦੀ ਅਚਾਨਕ ਚੈਕਿੰਗ ਵੀ ਕੀਤੀ ਜਾਏਗੀ, ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਸਬੰਧਤ ਏਰੀਆ ਅਫਸਰਾਂ ਨਾਲ ਟੀਮਾਂ ਦਾ ਗਠਨ ਕਰੇਗਾ। ਇਸ ਤੋਂ ਇਲਾਵਾ ਬਾਹਰਲੇ ਕਿਸੇ ਵੀ ਖੇਤਰ ਤੋਂ ਆਉਣ ਵਾਲੇ ਕਿਸੇ ਵਿਅਕਤੀ ਦੀ ਇੱਥੇ ਰਜਿਸਟ੍ਰੇਸ਼ਨ ਨਹੀਂ ਹੈ ਜਾਂ ਇੱਥੇ ਕੋਈ ਸੈਲਫ-ਕੁਆਰੰਟੀਨ ਲਈ ਘਰ ਨਹੀਂ ਹੈ, ਤਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ 112 ’ਤੇ ਕਾਲ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਬਾਹਰੋਂ ਆਉਣ ਵਾਲਿਆਂ ਵਿਅਕਤੀਆਂ ਲਈ ਕੁਝ ਜ਼ਰੂਰੀ ਹਿਦਾਇਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿਚ chandigarh.gov.in ਵੈੱਬਸਾਈਟ ‘ਤੇ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੋਵੇਗਾ। ਸ਼ਹਿਰ ਵਿਚ ਪਹੁੰਚਣ ਤੋਂ ਬਾਅਦ ਆਪਣੇ ਆਪ ਨੂੰ 14 ਦਿਨ ਲਈ ਘਰ ਵਿਚ ਕੁਆਰੰਟਾਈਨ ਕਰਨਾ ਜ਼ਰੂਰੀ ਹੋਵੇਗਾ ਪਰ 72 ਘੰਟਿਆਂ ਵਿੱਚ ਵਾਪਸ ਜਾਣ ਵਾਲਿਆਂ ਲਈ ਕੁਆਰੰਟੀਨ ਜ਼ਰੂਰੀ ਨਹੀਂ ਹੈ। ਇਸ ਤੋਂ ਇਲਾਵਾ ਮੋਬਾਈਲ ਵਿਚ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ ਵੀ ਜ਼ਰੂਰੀ ਹੋਵੇਗਾ। ਇਨ੍ਹਾਂ ਹਿਦਾਇਤਾਂ ਦੀ ਪਾਲਣਾ ਨਾ ਕੀਤੇ ਜਾਣ ’ਤੇ ਸਬੰਧਤ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ।