Shootout between police and gangsters : ਮੋਹਾਲੀ : ਖਰੜ ਵਿਚ ਲੰਬੇ ਸਮੇਂ ਤੋਂ ਪੁਲਿਸ ਦੀ ਸਿਰਦਰਦੀ ਦਾ ਕਾਰਨ ਬਣੇ ਹੋਏ ਗੈਂਗਸਟਰ ਜਾਨ ਬੁੱਟਰ ਨੂੰ ਉਸ ਦੇ ਚਾਰ ਸਾਥੀਆਂ ਸਣੇ ਨੂੰ ਬੀਤੇ ਦਿਨ ਪੁਲਿਸ ਨੇ ਇਕ ਰਿਹਾਇਸ਼ੀ ਸੁਸਾਇਟੀ ਤੋਂ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਵੀ ਹੋਈ, ਜਿਸ ਵਿਚ ਪੁਲਿਸ ਨੇ ਗੈਂਗਸਟਰਾਂ ਨੂੰ ਸਰੈਂਡਰ ਕਰਨ ਦੀ ਵਾਰ-ਵਾਰ ਚਿਤਾਵਨੀ ਦਿੱਤੀ। ਇਸ ਫਾਇਰਿੰਗ ਵਿਚ ਗੈਂਗਸਟਰ ਨਵਪ੍ਰੀਤ ਨਵੀ ਉਰਫ ਜਾਨ ਬੁੱਟਰ ਦੇ ਪੱਟ ’ਤੇ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਬੁੱਟਰ ਸਣੇ ਉਸ ਦੇ ਚਾਰ ਸਾਥੀਆੰ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਨਵਦੀਪ ਸੰਘ ਨਵੀ ਉਰਫ ਜਾਨ ਬੁੱਟਰ ਤੇ ਉਸ ਦੇ ਸਾਥੀਆਂ ਦੀ ਪਛਾਣ ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ ਉਰਫ ਪਿੰਦਾ ਸਾਰੇ ਨਿਵਾਸੀ ਪਿੰਡ ਬੁੱਟਰ ਕਲਾਂ ਮੋਗਾ, ਅੰਮ੍ਰਿਤਪਾਲ ਸਿੰਘ ਅਤੇ ਅਮਰੀਕ ਸਿੰਘ ਨਿਵਾਸੀ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਦਾ ਇਹ ਆਪ੍ਰੇਸ਼ਨ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਮੋਹਾਲੀ ਅਤੇ ਜਗਰਾਓਂ ਪੁਲਿਸ ਨੇ ਸਾਂਝੇ ਤੌਰ ’ਤੇ ਚਲਾਇਆ ਗਿਆ ਸੀ। ਫੜੇ ਗਏ ਗੈਂਗਸਟਰਾਂ ਤੋਂ ਹਥਿਆਰ ਵੀ ਬਰਾਮਦ ਹੋਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਏਆਈਜੀ ਚੌਹਾਨ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਜਾਨ ਬੁੱਟਰ ਆਪਣੇ ਸਾਥੀਆਂ ਨਾਲ ਖਰੜ ਦੇ ਸੈਕਟਰ-125 ਸਥਿਤ ਅਮਨ ਹੋਮਸ ਵਿਚ ਰਹਿ ਰਿਹਾ ਹੈ, ਜਿਸ ਤੋਂ ਬਾਅਦ ਏਆਈਜੀ ਦੀ ਅਗਵਾਈ ਵਿਚ ਸਿਵਲ ਕੱਪੜਿਆਂ ਵਿਚ ਪੁਲਿਸ ਦੀ ਟੀਮ ਨੇ ਦੁਪਹਿਰ 2 ਵਜੇ ਪੁਰੂ ਸੁਸਾਇਟੀ ਨੂੰ ਘੇਰ ਲਿਆ। ਸੁਸਾਇਟੀ ਦੀ ਪਹਿਲੀ ਮੰਜ਼ਿਲ ’ਤੇ ਪੁਲਿਸ ਨੂੰ ਫਲੈਟ ਅੰਦਰੋਂ ਬੰਦ ਮਿਲਿਆ। ਉਨ੍ਹਾਂ ਦੀ ਟੀਮ ਵੱਲੋਂ ਦਰਵਾਜ਼ਾ ਖੜਕਾਉਣ ’ਤੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਸਰੈਂਡਰ ਕਰਨ ਲਈ ਕਿਹਾ ਪਰ ਫਿਰ ਵੀ ਕੋਈ ਬਾਹਰ ਨਹੀਂ ਆਇਆ। ਜਦੋਂ ਪੁਲਿਸ ਮੁਲਾਜ਼ਮਾਂ ਨੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ’ਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਵਿਚ ਇਕ ਗੋਲੀ ਬੁੱਟਰ ਦੀ ਲੱਤ ਵਿਚ ਲੱਗ ਗਈ। ਇਸ ਤੋਂ ਬਾਅਦ ਪੁਲਿਸ ਨੇ ਫਲੈਟ ਵਿਚ ਜਾ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਜ਼ਖਮੀ ਜਾਨ ਬੁੱਟਰ ਨੂੰ ਪਹਿਲਾਂ ਖਰੜ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਇਨ੍ਹਾਂ ਖਿਲਾਫ ਸਦਰ ਥਾਣਾ ਖਰੜ ਵਿਚ ਆਰਮਸ ਐਕਟ ਅਤੇ ਸਰਾਕਰੀ ਮੁਲਾਜ਼ਮ ’ਤੇ ਹਮਲਾ ਕਰਨ ਸਣੇ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਆਪ੍ਰੇਸ਼ਨ ਨੂੰ ਏਆਈਜੀ ਗੁਰਮੀਤ ਸਿੰਗ ਚੌਹਾਨ ਦੀ ਅਗਵਾਈ ਵਿਚ ਪੁਲਿਸ ਟੀਮ ਵੱਲੋਂ ਨੇਪਰੇ ਚਾੜ੍ਹਿਆ ਗਿਆ। ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਪ੍ਰੇਸ਼ਨ ਵਿਚ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਹੈ। ਇਨ੍ਹਾਂ ਦੋਸ਼ੀਆਂ ਤੋਂ ਪੁੱਛ-ਗਿਛ ਤੋਂ ਬਾਅਦ ਕਈ ਖੁਲਾਸੇ ਹੋਣਗੇ। ਦੱਸਣਯੋਗ ਹੈ ਕਿ ਬੁੱਟਰ ਖਿਲਾਫ ਸਾਲ 2012 ਤੋਂ ਲੈ ਕੇ ਹੁਣ ਤੱਕ 13 ਲੁੱਟ ਦੇ ਮਾਮਲੇ, ਫਾਇਰਿੰਗ, ਅਸਲਾਹ ਐਕਟ ਆਦਿ ਦੇ ਵੱਖ-ਵੱਖ ਥਾਣਿਆਂਵਿਚ ਕੇਸ ਦਰਜ ਹਨ। 2015 ਵਿਚ ਵੀ ਕਸਬਾ ਬਾਘਾਪੁਰਾਣਾ ਵਿਚ 60 ਲੱਖ ਦੀ ਨਕਦੀ ਲੁੱਟਣ ਦੇ ਮਾਮਲੇ ’ਚ ਉਹ ਦੋਸ਼ੀ ਹੈ।