Sunny Enclave MD Jarnail Bajwa : ਮੋਹਾਲੀ : ਖਰੜ ਸਥਿਤ ਮਸ਼ਹੂਰ ਬਿਲਡਰ ਸੰਨੀ ਐਨਕਲੇਵ ਦੇ ਮਾਲਿਕ ਜਰਨੈਲ ਸਿੰਘ ਬਾਜਵਾ ਨੂੰ ਮੋਹਾਲੀ ਪੁਲਿਸ ਵੱਲੋਂ ਬੀਤੀ ਦੇਰ ਸ਼ਾਮ ਉਸ ਦੇ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਜਵਾ ਨੂੰ ਬੁੱਧਵਾਰ ਨੂੰ ਸੈਕਟਰ-37 ਸਥਿਤ ਅਦਾਲਤ ਵਿਚ ਚੰਡੀਗੜ੍ਹ ਵਿਖੇ ਪੇਸ਼ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਰਨੈਲ ਸਿੰਘ ਬਾਜਵਾ ‘ਤੇ ਕੰਜ਼ਿਊਮਰ ਕੋਰਟ ਵਿਚ ਕੋਰੜਾਂ ਰੁਪਏ ਦੀ ਠੱਗੀ ਦੇ 11 ਮਾਮਲੇ ਦਰਜ ਸਨ ਅਤੇ ਖਰੜ ਸਦਰ ਪੁਲਿਸ ਵੱਲੋਂ ਬਾਜਵਾ ਨੂੰ ਗੈਰ-ਜ਼ਮਾਨਤੀ ਗ੍ਰਿਫਤਾਰੀ ਦੇ ਵਾਰੰਟਾਂ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਬਾਰੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ।
ਮਿਲੀ ਜਾਣਕਾਰੀ ਮੁਤਾਬਕ ਬਾਜਵਾ ਖਿਲਾਫ ਸਾਰੇ ਮਾਮਲੇ ਕੰਜ਼ਿਊਮਰ ਕੋਰਟ ਵਿਚ ਵਿਚਾਰ ਅਧੀਨ ਹੈ। ਖਰੜ ਸਦਰ ਥਾਣਾ ਪੁਲਿਸ ਬੁੱਧਵਾਰ ਨੂੰ ਜਰਨੈਲ ਸਿੰਘ ਬਾਜਵਾ ਨੂੰ ਚੰਡੀਗੜ੍ਹ ਦੀ ਸੈਕਟਰ-37 ਕੰਜ਼ਿਊਮਰ ਕੋਰਟ ਵਿਚ ਪੇਸ਼ ਕਰੇਗੀ। ਪੰਜਾਬ ਤੇ ਯੂਟੀ ਦੀ ਕੰਜ਼ਿਊਮਰ ਕੋਰਟ ਚੰਡੀਗੜ੍ਹ ਵਿਚ ਹੋਣ ਕਾਰਨ ਉਸ ਨੂੰ ਉਥੇ ਪੇਸ਼ ਕੀਤਾ ਜਾਏਗਾ। ਦੱਸ ਦੇਈਏ ਕਿ ਜਰਨੈਲ ਸਿੰਘ ਬਾਜਵਾ ਚੰਡੀਗੜ੍ਹ ਕੋਰਟ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਜਿਊਡੀਸ਼ੀਅਲ ਮੈਜਿਸਟ੍ਰੇਟ ਮਨੁ ਮਿੱਟੂ ਦੀ ਕੋਰਟ ਨੇ 20 ਦਸੰਬਰ ਨੂੰ ਛੇ-ਛੇ ਵੱਖ ਮਾਮਲਿਆਂ ਵਿਚ ਬਾਜਵਾ ਨੂੰ ਭਗੌੜਾ ਕਰਾਰ ਦਿੱਤਾ ਸੀ।ਇਨ੍ਹਾਂ ਵਿਚੋਂ ਇਕ ਕੇਸ ਵਿਚ ਕੋਰਟ ਨੇ ਚਾਰ ਮਹੀਨੇ ਪਹਿਲਾਂ ਵੀ ਬਾਜਵਾ ਨੂੰ ਭਗੌੜਾ ਕਰਾਰ ਦਿੱਤਾ ਸੀ। ਬਾਜਵਾ ਇਨ੍ਹਾਂ ਕੇਸਾਂ ਵਿਚ ਕਾਫੀ ਸਮੇਂ ਤੋਂ ਅਦਾਲਤ ਵਿਚ ਪੇਸ਼ ਨਹੀਂ ਹੋ ਰਿਹਾ ਸੀ।
ਦੱਸਣਯੋਗ ਹੈ ਕਿ ਬਾਜਵਾ ਖਿਲਾਫ ਖਰੜ ਦੀ ਨਸੀਬ ਕੌਰ ਤੇ ਉਸ ਦੇ ਪੁੱਤਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੇ ਬਾਜਵਾ ਨੂੰ ਇਕ ਜ਼ਮੀਨ ਵੇਚੀ ਸੀ, ਜਿਸ ਲਈ ਉਸ ਨੇ ਨਸੀਬ ਕੌਰ ਨੂੰ ਚੈੱਕ ਰਾਹੀਂ 4.95 ਲੱਖ ਰੁਪਏ ਪੇਮੈਂਟ ਕੀਤੀ ਸੀ ਪਰ ਉਹ ਚੈੱਕ ਬੈਂਕ ਵਿਚ ਕਲੀਅਰ ਨਹੀਂ ਹੋਏ। ਬਾਜਵਾ ਡਿਵੈਲਪਰਸ ਲਿਮਟਿਡ ਦੇ ਦਫਤਰ ‘ਚ ਦੁਬਾਰਾ ਗੱਲ ਕਰਨ ਤੋਂ ਬਾਅਦ ਉਨ੍ਹਾਂ ਦੁਬਾਰਾ ਚੈਅਕ ਅਕਾਊਂਟ ਵਿਚ ਲਗਾਏ ਪਰ ਸਾਰੇ ਚੈੱਕ ਬਾਊਂਸ ਹੋ ਗਏ ਸਨ। ਸ਼ਿਕਾਇਤਕਰਤਾ ਨੇ 18 ਸਤੰਬਰ 2018 ਨੂੰ ਜਰਨੈਲ ਸਿੰਘ ਬਾਜਵਾ ਅਤੇ ਬਾਜਵਾ ਡਿਵੈਲਪਰਸ ਨੂੰ ਲੀਗਲ ਨੋਟਿਸ ਭੇਜਿਆ ਸੀ। ਉਨ੍ਹਾਂਲੀਗਲ ਨੋਟਿਸ ਰਾਹੀਂ 15 ਦਿਨਾਂ ਅੰਦਰ ਉਨ੍ਹਾਂ ਦੀ ਪੇਮੈਂਟ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਬਾਜਵਾ ਡਿਵੈਲਪਰਸ ਵੱਲੋਂ ਕੋਈ ਜਵਾਬ ਨਹੀਂ ਆਇਆ ਅਤੇ ਉਨ੍ਹਾਂ ਨੇ ਇਹ ਕੇਸ ਫਾਈਲ ਕੀਤੇ ਸਨ।