Sunny Enclave MD Jarnail Singh Bajwa : ਖਰੜ : ਸਦਰ ਪੁਲਿਸ ਖਰੜ ਵਲੋਂ ਗ੍ਰਿਫਤਾਰ ਕੀਤੇ ਗਏ ਸੰਨੀ ਐਨਕਲੇਵ ਦੇ ਮਾਲਿਕ ਜਰਨੈਲ ਸਿੰਘ ਬਾਜਵਾ ਨੂੰ ਅਦਾਲਤ ਵੱਲੋਂ 7 ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਉਸ ਨੂੰ ਸਾਲ 2019 ਵਿਚ ਕੰਜ਼ਿਊਮਰ ਕੋਰਟ ਵਿਚ ਦਰਜ ਧੋਖਾਧੜੀ ਦੇ ਇਕ ਮਾਮਲੇ ਸਬੰਧੀ ਹਿਰਾਸਤ ਵਿਚ ਲਿਆ ਗਿਆ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਜਰਨੈਲ ਸਿੰਘ ਬਾਜਵਾ ਖਿਲਾਫ ਕੰਜ਼ਿਊਮਰ ਕੋਰਟ ਚੰਡੀਗੜ੍ਹ ਕੋਲ ਕਈ ਮਾਮਲੇ ਦਰਜ ਹਨ। ਇਸ ਸਬੰਧੀ ਥਾਣਾ ਸਦਰ ਪੁਲਿਸ ਖਰੜ ਵਲੋਂ ਕਥਿਤ ਦੋਸ਼ੀ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਨੇ ਜਿਲ੍ਹਾ ਐਸ.ਏ.ਐਸ.ਨਗਰ ਦੇ ਸੀਨੀਅਰ ਪੁਲਿਸ ਕਪਤਾਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਪਲਾਟ ਦੀ ਈ.ਡੀ.ਸੀ ਨਾ ਦੇਣ ਕਰਕੇ ਇਹ ਪਲਾਟ ਅੱਗੇ ਤੀਸਰੀ ਧਿਰ ਨੂੰ ਵੇਚ ਦਿੱਤਾ ਸੀ, ਉਸ ਨੇ ਆਪਣੇ ਨਾਲ ਧੋਖਾਧੜੀ ਦੇ ਦੋਸ਼ ਲਗਾਏ ਸਨ।
ਖਰੜ-1 ਦੇ ਡੀ.ਐਸ.ਪੀ. ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਡੀ.ਡੀ.ਏ ਲੀਗਲ ਦੀ ਰਾਏ ਲੈਣ ਤੋਂ ਬਾਅਦ ਇਸ ਖਿਲਾਫ ਥਾਣਾ ਸਦਰ ਖਰੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਸਦਰ ਪੁਲਿਸ ਵਲੋਂ ਜਰਨੈਲ ਸਿੰਘ ਬਾਜਵਾ ਨੂੰ ਅਦਾਲਤ ਵਿਚ ਪੇਸ਼ ਕਰਕੇ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਦਰਜ਼ ਮਾਮਲੇ ਵਿਚ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।