Vehicles parked in No Parking : ਚੰਡੀਗੜ੍ਹ ’ਚ ਹੁਣ ਨਗਰ ਨਿਗਮ ਵੱਲੋਂ ਨੋ ਪਾਰਿਕੰਗ ਵਿਚ ਪਾਰਕ ਵਾਹਨਾਂ ਦੇ ਚਾਲਾਨ ਕੱਟੇ ਜਾਣਗੇ, ਇਸ ਦੇ ਨਾਲ ਹੀ ਵਾਹਨਾਂ ਨੂੰ ਜ਼ਬਤ ਕਰਨ ਦੀ ਬਜਾਏ ਟਾਇਰ ਵਿਚ ਕਲੰਪ ਲਗਾ ਕੇ ਚਾਲਾਨ ਦੀ ਰਸੀਦ ਵਾਹਨ ਦੇ ਨਾਲ ਚਿਪਕਾ ਦਿੱਤੀ ਜਾਵੇਗੀ। ਇਹ ਫੈਸਲਾ ਸ਼ੁੱਕਰਵਾਰ ਨੂੰ ਨਗਰ ਨਿਗਮ ਕਮੇਟੀ ਦੌਰਾਨ ਲਿਆ ਗਿਆ, ਜਿਸ ਮੁਤਾਬਕ ਨੋ ਪਾਰਕਿੰਗ ਵਿਚ ਖੜ੍ਹੇ ਕੀਤੇ ਗਏ ਦੋਪਹੀਆ ਵਾਹਨ ਦਾ 700, ਚਾਰ ਪਹੀਆ ਦਾ 1500 ਅਤੇ ਕਮਰਸ਼ੀਅਲ ਵਾਹਨਾਂ ਦਾ 3500 ਰੁਪਏ ਜੁਰਮਾਨਾ ਵਸੂਲਾਇਆ ਜਾਵੇਗਾ।
ਦੱਸਣਯੋਗ ਹੈ ਇਸ ਸਮੇਂ ਸ਼ਹਿਰ ਵਿਚ ਪੇਡ ਪਾਰਕਿੰਗਾਂ ਦੀ ਗਿਣਤੀ ਵਧਾਕੇ 89 ਕਰ ਦਿੱਤੀ ਗਈ ਹੈ। ਇਸ ਮੁਹਿੰਮ ਦੇ ਅਗਲੇ ਹਫਤੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਜਿਸ ਵਿਚ ਕਬਜ਼ੇ ਹਟਾਓ ਦਸਤੇ ਨੂੰ ਚਾਲਾਨ ਕੱਟਣ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਜ਼ਿਕਰਯੋਗ ਹੈ ਕਿ ਪਾਰਕਿੰਗ ਠੇਕੇਦਾਰ ਵੀ ਨਿਗਮ ਨੂੰ ਕਈ ਵਾਰ ਨੋ ਪਾਰਕਿੰਗ ’ਤੇ ਖੜ੍ਹੇ ਵਾਹਨਾਂ ’ਤੇ ਕਾਰਵਾਈ ਕਰਨ ਦੀ ਅਪੀਲ ਕਰ ਚੁੱਕੇ ਹਨ, ਜਿਸ ਦਾ ਫਾਇਦਾ ਹੁਣ ਪਾਰਕਿੰਗ ਠੇਕੇਦਾਰਾਂ ਨੂੰ ਮਿਲੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 2018 ਵਿਚ ਵੀ ਨਗਰ ਨਿਗਮ ਨੇ ਮੁਹਿੰਮ ਚਲਾਈ ਸੀ। ਬੈਠਕ ਵਿਚ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ ਨੇ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਨਗਰ ਨਿਗਮ ਵੀ ਛੇਤੀ ਇਕ ਐਪ ਬਣਾ ਰਿਹਾ ਹੈ, ਜਿਸ ਵਿਚ ਲੋਕਾਂ ਨੂੰ ਜੁਰਮਾਨੇ ਦਾ ਭੁਗਤਾਨ ਕਰਨ ਦੀ ਆਨਲਾਈਨ ਸਹੂਲਤ ਮਿਲੇਗੀ।
ਉਧਰ ਨਗਰ ਨਿਗਮ ਦੇ ਇਸ ਫੈਸਲੇ ’ਤੇ ਲੋਕਾਂ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਜਿਨ੍ਹਾਂ ਵਾਹਨਾਂ ਨੂੰ ਜ਼ਬਤ ਕੀਤਾ ਜਾਵੇਗਾ, ਉਨ੍ਹਾਂ ਨੂੰ ਛੁਡਵਾਉਣ ਲਈ ਉਸੇ ਸਮੇਂ ਜੁਰਮਾਨੇ ਦੇ ਭੁਗਤਨ ਕਰਨ ਦੀ ਸਹੂਲਤ ਵ ਨਹੀਂ ਦਿੱਤੀ ਗਈ ਹੈ, ਜਦਕਿ ਟ੍ਰੈਫਿਕ ਪੁਲਿਸ ਮੌਕੇ ’ਤੇ ਹੀ ਜੁਰਮਾਨਾ ਅਦਾ ਕਰਨ ਦੀ ਸਹੂਲਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਇਸ ਫੈਸਲੇ ਨਾਲ ਜਿਥੇ ਪਾਰਕਿੰਗ ਠੇਕੇਦਾਰਾਂ ਨੂੰ ਫਾਇਦਾ ਹੋਵੇਗਾ ਉਥੇ ਹੀ ਨਿਗਮ ਦੀ ਵੀ ਕਮਾਈ ਹੋਵੇਗੀ।