2 more deaths : ਪੰਜਾਬ ਵਿਚ ਇਕ ਪਾਸੇ ਤਾਂ ਕੋਰੋਨਾ ਪੀੜਤਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਦੂਜੇ ਪਾਸੇ ਕੋਵਿਡ-19 ਮਰਨ ਵਾਲਿਆਂ ਦੀ ਗਿਣਤੀ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਸੂਬੇ ਵਿਚ ਰੋਜ਼ਾਨਾ ਕੋਰੋਨਾ ਕਾਰਨ ਕੋਈ ਨਾ ਕੋਈ ਮੌਤ ਜ਼ਰੂਰ ਹੁੰਦੀ ਹੈ। ਅੱਜ ਜਿਲ੍ਹਾ ਹੁਸ਼ਿਆਰਪੁਰ ਤੋਂ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਮਲਜੀਤ ਕੌਰ (59) ਪਿੰਡ ਭਟਰਾਣਾ ਵਜੋਂ ਹੋਈ ਹੈ। ਉਕਤ ਔਰਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਸੀ ਜਿਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ ਤੇ ਦੂਜਾ ਵਿਅਕਤੀ ਪਿੰਡ ਕੱਤੋਵਾਲ ਦਾ ਰੂਪ ਲਾਲ (72) ਹੈ ਜੋ ਕਿ ਜਲੰਧਰ ਦੇ ਪਟੇਲ ਹਸਪਤਾਲ ਵਿਚ ਦਾਖਲ ਸੀ। ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ।
ਹੁਸ਼ਿਆਰਪੁਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 539 ਤਕ ਪੁਜ ਗਈ ਹੈ। ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵਲੋਂ ਦਿੱਤੀ ਗਈ। ਜਿਲ੍ਹੇ ਤੋਂ 28162 ਵਿਅਕਤੀਆਂ ਦੇ ਸੈਂਪਲ ਭੇਜੇ ਜਾ ਚੁਕੇ ਹਨ ਜਿਨ੍ਹਾਂ ਵਿਚੋਂ 26205 ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 1404 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। 395 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਹੁਣ ਐਕਟਿਵ ਕੇਸਾਂ ਦੀ ਗਿਣਤੀ 128 ਹੈ।
ਪ੍ਰਸ਼ਾਸਨ ਵਲੋਂ ਕੋਰੋਨਾ ਦੇ ਵਧਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਲੋਕਾਂ ਨੂੰ ਐਡਵਾਈਜਰੀ ਜਾਰੀ ਕੀਤੀ ਗਈ ਹੈ ਕਿ ਉਹ ਬਿਨਾਂ ਮਾਸਕ ਤੋਂ ਘਰ ਤੋਂ ਬਾਹਰ ਨਾ ਨਿਕਲਣ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਤਾਂ ਜੋ ਕੋਰੋਨਾ ਦੇ ਵਧਦੇ ਕੇਸਾਂ ਨੂੰ ਕੰਟਰੋਲ ਕੀਤਾ ਜਾ ਸਕੇ। ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੋਰੋਨਾ ਦਾ ਖਤਰਾ ਵਧ ਹੁੰਦਾ ਹੈ ਇਸ ਲਈ ਜਿੰਨਾ ਹੋ ਸਕੇ ਉਨ੍ਹਾਂ ਨੂੰ ਬਿਨਾਂ ਕਾਰਨ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।