3 Agriculture Ordinance : ਕੇਂਦਰੀ ਕੈਬਨਿਟ ਤੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਖੇਤੀ ਆਰਡੀਨੈਂਸਾਂ ਦਾ ਲੋਕ ਸਭਾ ‘ਚ ਵਿਰੋਧ ਕੀਤਾ। ਆਰਡੀਨੈਂਸਾਂ ‘ਤੇ ਬਹਿਸ ‘ਚ ਹਿੱਸਾ ਲੈਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦੀ ਹੈ। ਇਹ ਆਰਡੀਨੈਂਸ ਕਿਸਾਨਾਂ ਤੇ ਖੇਤੀ ਮਜ਼ਦੂਰਾਂ ਨੂੰ ਤਬਾਹ ਕਰ ਦੇਣਗੇ।
ਸੁਖਬੀਰ ਨੇ ਤਿੰਨੋਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਆਰਡੀਨੈਂਸ ਪੰਜਾਬ ਦੇ 20 ਲੱਖ ਕਿਸਾਨਾਂ, 3 ਲੱਖ ਮੰਡੀ ਮਜ਼ਦੂਰਾਂ, 30 ਲੱਖ ਖੇਤ ਮਜ਼ਦੂਰਾਂ ਤੇ 30 ਹਜ਼ਾਰ ਆੜ੍ਹਤੀਆਂ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਨੇ ਕਿਸਾਨਾਂ ਦੇ ਪੱਖ ‘ਚ ਬੋਲਣ ‘ਚ ਅਸਫਲ ਰਹਿਣ ਵਾਲੇ ਅਤੇ ਅਕਾਲੀ ਦਲ ‘ਤੇ ਹਮਲਾ ਕਰਨ ‘ਤੇ ਧਿਆਨ ਕੇਂਦਰਤ ਕਰਨ ਲਈ ਕਾਂਗਰਸ ਦੀ ਨਿੰਦਾ ਵੀ ਕੀਤੀ। ਸੁਖਬੀਰ ਨੇ ਕਿਹਾ ਕਿ ਕਾਂਗਰਸ ਨੇ ਆਪਣੇ 2019 ਦੇ ਰਾਸ਼ਟਰੀ ਘੋਸ਼ਣਾ ਪੱਤਰ ‘ਚ ਸਪੱਸ਼ਟ ਕੀਤਾ ਸੀ ਕਿ ਉਹ MSP ਐਕਟ ਨੂੰ ਖਤਮ ਕਰ ਦੇਵੇਗੀ। ਸੁਖਬੀਰ ਨੇ ਕਿਹਾ ਕਿ ਪੰਜਾਬ ਨੇ ਆਜ਼ਾਦੀ ਤੋਂ ਬਾਅਦ ਖੇਤੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਗੇ ਵੱਧ ਕੇ ਦੇਸ਼ ਦੇ ਖਾਧ ਪੂਰਤੀ ਦੀ ਜ਼ਿੰਮੇਵਾਰੀ ਲਈ ਸੀ। ਪੰਜਾਬ ਨੇ 1980 ‘ਚ ਅਨਾਜ ਦੀ ਲੋੜ ਦੀ 80 ਫੀਸਦੀ ਪੂਰਤੀ ਕੀਤੀ ਅਤੇ ਹੁਣ ਵੀ ਕੇਂਦਰੀ ਪੂਲ ‘ਚ 50 ਫੀਸਦੀ ਅਨਾਜ ਦੀ ਪੂਰਤੀ ਜਾਰੀ ਹੈ। ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਹਰ ਮੁਸ਼ਕਲ ‘ਚ ਰਹਿ ਕੇ ਅਨਾਜ ਦਾ ਉਤਪਾਦਨ ਕੀਤਾ ਹੈ।
ਸੁਖਬੀਰ ਨੇ ਕਿਹਾ ਕਿ ਕਾਂਗਰਸ ਵੱਲੋਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਇਸ ਮਾਮਲੇ ‘ਚ ਯੂ ਟਰਨ ਲਿਆ ਹੈ। ਉਹ ਕਾਂਗਰਸ ਦੇ ਇਸ ਦਾਅਵੇ ਨੂੰ ਖਾਰਜ ਕਰਦੇ ਹਨ। ਮੰਤਰੀ ਮੰਡਲ ਦੀ ਬੈਠਕ ‘ਚ ਜਦੋਂ ਇਸ ਮੁੱਦੇ ‘ਤੇ ਚਰਚਾ ਹੋਈ ਤਾਂ ਪਾਰਟੀ ਦੀ ਪ੍ਰਤੀਨਿਧੀ ਹਰਸਿਮਰਤ ਕੌਰ ਬਾਦਲ ਨੇ ਸਪੱਸ਼ਟ ਰੂਪ ਨਾਲ ਕਿਹਾ ਸੀ ਕਿ ਕਿਸਾਨਾਂ ਨਾਲ ਗੱਲਬਾਤ ਤੋਂ ਬਾਅਦ ਵਿਆਪਕ ਸਹਿਮਤੀ ਬਣਨ ਤਕ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਸ. ਬਾਦਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਦੱਸੀਆਂ ਗਈਆਂ ਸ਼ੰਕਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਅਜਿਹਾ ਖੇਤੀ ਆਰਡੀਨੈਂਸ ਕੇਂਦਰ ਨੂੰ ਨੁਕਸਾਨ ਪਹੁੰਚਾਏਗਾ ਪਰ ਕੋਈ ਹੱਲ ਨਹੀਂ ਕੀਤਾ ਗਿਆ। ਇਹੀ ਕਾਰਨ ਹੈ ਕਿ ਅਕਾਲੀ ਦਲ ਨੂੰ ਅਰਡੀਨੈਂਸ ਵਿਰੋਧ ਕਰਨਾ ਪਿਆ।