6 killed large : ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧ ਰਿਹਾ ਹੈ। ਹਰ ਕੋਈ ਕੋਰੋਨਾ ਖਿਲਾਫ ਵੈਕਸੀਨ ਲੱਭਣ ਵਿਚ ਜੁਟਿਆ ਹੋਇਆ ਹੈ ਪਰ ਅਜੇ ਤਕ ਇਸ ‘ਚ ਸਫਲਤਾ ਹਾਸਲ ਨਹੀਂ ਹੋਈ। ਰੋਜ਼ਾਨਾ ਵੱਡੀ ਗਿਣਤੀ ਵਿਚ ਮਰੀਜ਼ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਕਲ ਮੰਗਲਵਾਰ ਨੂੰ 6 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਤੇ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਜਲੰਧਰ ਛਾਉਣੀ ਦੀ ਮਹਿਲਾ ਰੋਗ ਮਾਹਿਰ ਤੇ ਪੀ. ਏ. ਪੀ. ਦੇ ਇਕ ਦਰਜਨ ਮੁਲਾਜ਼ਮਾਂ ਸਮੇਤ 119 ਲੋਕ ਪਾਜੀਟਿਵ ਪਾਏ ਗਏ।
6 ‘ਚੋਂ 5 ਮੌਤਾਂ ਸਿਵਲ ਹਸਪਤਾਲ ‘ਚ ਹੋਈਆਂ। ਇਕ ਮੌਤ ਮਿਲਟਰੀ ਹਸਪਤਾਲ ਕੈਂਟ ‘ਚ ਹੋਈ। ਮਰਨ ਵਾਲਿਆਂ ‘ਚ ਗ੍ਰੇਨ ਮਾਰਕੀਟ ਗਾਜ਼ੀ ਗੁਲਾ ਨਿਵਾਸੀ 63 ਸਾਲ ਦਾ ਵਿਅਕਤੀ, ਨਿਊ ਸੰਤੋਖਪੁਰਾ ‘ਚ ਰਹਿਣ ਵਾਲਾ 54 ਸਾਲਾ ਦਾ ਵਿਅਕਤੀ, ਜਲੋਟਾ ਮੁਹੱਲਾ ਨਕੋਦਰ ‘ਚ ਰਹਿਣ ਵਾਲਾ 65 ਸਾਲਾ ਵਿਅਕਤੀ, ਨਿਊ ਸ਼ੀਤਲ ਨਗਰ ‘ਚ ਰਹਿਣ ਵਾਲਾ 60 ਸਾਲਾ ਵਿਅਕਤੀ, ਸੰਗਤ ਸਿੰਘ ਨਗਰ ‘ਚ ਰਹਿਣ ਵਾਲੀ 70 ਸਾਲ ਦੀ ਮਹਿਲਾ ਤੇ ਨਿਊ ਡਿਫੈਂਸ ਕਾਲੋਨੀ ਨਿਵਾਸੀ 72 ਸਾਲ ਦਾ ਵਿਅਕਤੀ ਸ਼ਾਮਲ ਹੈ। ਮੰਗਲਵਾਰ ਨੂੰ ਆਈ ਰਿਪੋਰਟ ਨਚ ਸ਼ਹਿਰ ਦੀਆਂ ਤਿੰਨ ਪਾਸ਼ ਕਾਲੋਨੀਆਂ ‘ਚ ਰਹਿਣ ਵਾਲੇ ਕਾਰੋਬਾਰੀ ਤੇ ਉਦਮੀ ਵੀ ਸ਼ਾਮਲ ਹਨ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤਕ 63707 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ ਅਤੇ 57145 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।
ਮੰਗਲਵਾਰ ਨੂੰ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਖੁਦ ਨੂੰ ਕੁਆਰੰਟਾਈਨ ਕਰ ਲਿਆ। ਵਡਾਲਾ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਉਨ੍ਹਾਂ ‘ਚ ਕਿਸੇ ਤਰ੍ਹਾਂ ਦਾ ਕੋਈ ਲੱਛਣ ਨਹੀਂ ਹੈ ਪਰ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੇ ਡਾਕਟਰਾਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਖੁਦ ਨੂੰ ਕੁਆਰੰਟਾਈਨ ਕੀਤਾ ਹੈ। ਵਿਧਾਇਕ ਨੇ ਆਪਣੇ ਸਾਰੇ ਦੋਸਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ ਤੇ ਲੋੜ ਪੈਣ ‘ਤੇ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ।