A 23-year-old : ਗਲਵਾਨ ਘਾਟੀ ਵਿਚ ਲੱਦਾਖ ਸਰਹੱਦ ‘ਤੇ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਵਿਚ ਪੰਜਾਬ ਦਾ 23 ਸਾਲਾ ਨੌਜਵਾਨ ਗੁਰਤੇਜ ਸਿੰਘ ਸ਼ਹੀਦ ਹੋ ਗਿਆ। ਜਵਾਨ ਦੇ ਸ਼ਹਾਦਤ ਦੀ ਖਬਰ ਬੁੱਧਵਾਰ ਸਵੇਰੇ ਉਸ ਦੇ ਘਰ ਪੁੱਜੀ। ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਸ਼ਹਾਦਤ ਦਾ ਪਤਾ ਲੱਗਾ, ਘਰ ਵਿਚ ਸੋਗ ਦਾ ਮਾਹੌਲ ਦੇਖਿਆ ਗਿਆ। ਦੁੱਖ ਪ੍ਰਗਟਾਉਣ ਵਾਲੇ ਲੋਕਾਂ ਦੀ ਵੀ ਭੀੜ ਇਕੱਠੀ ਹੋ ਗਈ। ਗੁਰਤੇਜ ਸਿੰਘ ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਨਿਵਾਸੀ ਪ੍ਰਿਥਾ ਸਿੰਘ ਦਾ ਸਭ ਤੋਂ ਛੋਟਾ ਬੇਟਾ ਹੈ। ਉਸ ਤੋਂ ਵੱਡੇ ਦੋ ਭਰਾ ਹਨ। ਗੁਰਤੇਜ ਸਿੰਘ ਹਾਲ ਹੀ ਵਿਚ ਫੌਜ ਵਿਚ ਭਰਤੀ ਹੋਇਆ ਸੀ ਅਤੇ ਇਨ੍ਹੀਂ ਦਿਨੀਂ ਲੱਦਾਖ ਦੀ ਸਰਹੱਦ ‘ਤੇ ਤਾਇਨਾਤ ਸੀ। ਫੌਜ ਅਧਿਕਾਰੀਆਂ ਨੇ ਗੁਰਤੇਜ ਦੇ ਸ਼ਹੀਦ ਹੋਣ ਦੀ ਖਬਰ ਪਰਿਵਾਰਕ ਮੈਂਬਰਾਂ ਨੂੰ ਦਿੱਤੀ।
ਜ਼ਿਕਰਯੋਗ ਹੈ ਕਿ ਲੱਦਾਖ ਦੀ ਗਲਵਾਨ ਘਾਟੀ ਵਿਚ 15 ਜੂਨ ਦਿਨ ਸੋਮਵਾਰ ਨੂੰ ਰਾਤ ਚੀਨੀ ਫੌਜੀਆਂ ਨਾਲ ਹਿੰਸਕ ਟਕਰਾਅ ਵਿਚ ਫੌਜ ਦੇ ਸੀ. ਓ. ਰੈਂਕ ਦੇ ਇਕ ਅਧਿਕਾਰੀ ਸਮੇਤ 20 ਜਵਾਨ ਸ਼ਹੀਦ ਹੋਏ। ਦੇਰ ਰਾਤ ਫੌਜ ਤੋਂ 20 ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਹੋਈ। ਚੀਨ ਸਰਹੱਦ ‘ਤੇ 45 ਸਾਲ ਬਾਅਦ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਹੈ। ਇਸ ਤੋਂ ਪਹਿਲਾਂ 1975 ਵਿਚ ਅਰੁਣਾਚਲ ਪ੍ਰਦੇਸ਼ ਵਿਚ ਤੁਲੁੰਗ ਲਾ ਨਾਲ ਸੰਘਰਸ਼ ਹੋਇਆ ਸੀ ਜਿਸ ਵਿਚ 4 ਜਵਾਨ ਸ਼ਹੀਦ ਹੋਏ ਸਨ। ਭਾਰਤੀ ਤੇ ਚੀਨੀ ਫੌਜ ਵਿਚ ਪੂਰਬੀ ਲੱਦਾਖ ਵਿਚ ਪੈਂਗੋਗ ਝੀਲ, ਗਲਵਾਨ ਘਾਟੀ, ਡੇਮਚੋਕ ਤੇ ਦੌਲਤਬੇਗ ਓਲਡੀ ਵਿਚ ਤਣਾਅ ਚੱਲ ਰਿਹਾ ਹੈ।