A major reshuffle : ਪਿਛਲੇ ਕਾਫੀ ਸਮੇਂ ਤੋਂ ਪੰਜਾਬ ਕਾਂਗਰਸ ਵਿਚ ਹਲਚਲ ਚੱਲ ਰਹੀ ਹੈ। ਪ੍ਰਦੇਸ਼ ਅਹੁਦੇਦਾਰਾਂ, ਕਾਰਜਕਾਰਨੀ ਤੇ ਜਿਲ੍ਹਾ ਇਕਾਈਆਂ ਸਮੇਤ ਪੂਰੀ ਸੂਬਾ ਇਕਾਈ ਭੰਗ ਹੋਈ ਪਈ ਹੈ ਤੇ ਸਿਰਫ ਸੁਨੀਲ ਜਾਖੜ ਹੀ ਬਤੌਰ ਪ੍ਰਧਾਨ ਆਪਣਾ ਕੰਮ ਕਰ ਰਹੇ ਹਨ। ਪੰਜਾਬ ਕਾਂਗਰਸ ਟੀਮ ਵਲੋਂ ਹੁਣ ਤਜਰਬੇਕਾਰ ਨੇਤਾਵਾਂ ਨੂੰ ਹੀ ਆਪਣੀ ਪਾਰਟੀ ਵਿਚ ਸ਼ਾਮਲ ਕੀਤਾ ਜਾਵੇਗਾ ਤੇ ਇਸ ‘ਤੇ ਬਹੁਤ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਗਸਤ ਮਹੀਨੇ ਤਕ ਕਾਂਗਰਸ ਵਿਚ ਵੱਡਾ ਫੇਰਬਦਲ ਕਰ ਦਿੱਤਾ ਜਾਵੇਗਾ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਕਈ ਚਿਹਰੇ ਇਸ ਨਵੀਂ ਟੀਮ ਤੋਂ ਬਾਹਰ ਹੋਣਗੇ ਜੋ ਕਿ ਫਿਲਹਾਲ ਵੱਖ-ਵੱਖ ਅਹੁਦਿਆਂ ‘ਤੇ ਆਪਣਾ ਕਾਰਜਭਾਰ ਸੰਭਾਲ ਰਹੇ ਹਨ।
ਜਨਵਰੀ ਵਿਚ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਪ੍ਰਧਾਨਗੀ ਹੇਠ 11 ਮੈਂਬਰੀ ਪੈਨਲ ਗਠਿਤ ਕੀਤੀ ਗਈ ਸੀ। ਇਸ ਕਮੇਟੀ ਦੇ ਗਠਨ ਤੋਂ ਬਾਅਦ ਹੁਣ ਤਕ ਕੋਈ ਬੈਠਕ ਨਹੀਂ ਹੋਈ ਹੈ। ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਕਿਸੇ ਵੱਡੇ ਅਹੁਦੇ ‘ਤੇ ਐਡਜਸਟ ਕਰਵਾ ਸਕਦੇ ਹਨ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਨੂੰ ਨਹੀਂ ਛੱਡਣਾ ਚਾਹੁੰਦੇ। ਇਸੇ ਲਈ ਮੰਤਰੀ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਚੁੱਪੀ ਧਾਰੀ ਹੋਈ ਹੈ।
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਗਸਤ ਤਕ ਪਾਰਟੀ ਵਿਚ ਵੱਡਾ ਫੇਰਬਦਲ ਹੋ ਸਕਦਾ ਹੈ। ਏ. ਆਈ. ਸੀ. ਸੀ. ਦੀ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰਕੇ ਪ੍ਰਦੇਸ਼ ਇਕਾਈ ਬਾਰੇ ਚਰਚਾ ਕੀਤੀ ਜਾਵੇਗੀ। ਆਸ਼ਾ ਕੁਮਾਰੀ 18-19 ਜੂਨ ਨੂੰ ਚੰਡੀਗੜ੍ਹ ਵਿਖੇ ਆ ਰਹੇ ਹਨ ਜਿਥੇ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਪਾਰਟੀ ਵਿਚ ਫੇਰਬਦਲ ਸਬੰਧੀ ਫੈਸਲਾ ਲਿਆ ਜਾਵੇਗਾ।