After hearing the sad : ਲੁਧਿਆਣਾ : ਬੀਬੀ ਨਿਰਮਲ ਕੌਰ ਜੋ ਕਿ ਆਪਣੇ ਪੋਤੇ-ਪੋਤੀ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ, ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦੀ ਮੌਤ 12 ਸਾਲ ਪਹਿਲਾਂ ਹੀ ਹੋ ਗਈ ਸੀ ਤੇ ਉਸ ਦੀ ਨੂੰਹ ਦੋਵੇਂ ਬੱਚਿਆਂ ਨੂੰ ਉਸ ਕੋਲ ਛੱਡ ਕੇ ਚਲੀ ਗਈ ਸੀ। ਦੋਵੇਂ ਬੱਚੇ ਬੀਬੀ ਨਿਰਮਲ ਕੌਰ (70) ਸਾਲ ਕੋਲ ਰਹਿੰਦੇ ਹਨ। ਬੀਬੀ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਵਕਤ ਦੀ ਰੋਟੀ ਤਕ ਦਾ ਇੰਤਜ਼ਾਮ ਨਹੀਂ ਹੈ ਤੇ ਹੁਣ ਲੌਕਡਾਊਨ ਕਾਰਨ ਉਸ ਨੂੰ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਬੀਬੀ ਨਿਰਮਲ ਕੌਰ ਨੇ ਦੱਸਿਆ ਕਿ ਉਸ ਕੋਲ ਆਪਣਾ ਮਕਾਨ ਤਕ ਨਹੀਂ ਹੈ ਤੇ ਉਹ ਕਿਰਾਏ ਦੇ ਮਕਾਨ ‘ਚ ਰਹਿੰਦੀ ਹੈ ਪਰ ਹੁਣ ਉਸ ਕੋਲ ਕਿਰਾਇਆ ਦੇਣ ਲਈ ਪੈਸੇ ਨਹੀਂ ਹਨ, ਜਿਸ ਕਾਰਨ ਮਕਾਨ ਮਾਲਕ ਉਸ ਨੂੰ ਮਕਾਨ ਖਾਲੀ ਕਰਨ ਲਈ ਕਹਿ ਰਿਹਾ ਹੈ। ਬੀਬੀ ਟੀ. ਬੀ. ਦੀ ਮਰੀਜ਼ ਵੀ ਹੈ। ਸੋਸ਼ਲ ਮੀਡੀਆ ਰਾਹੀਂ ਬੀਬੀ ਨਿਰਮਲ ਕੌਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਰਾਹੀਂ ਕੈਪਟਨ ਅਮਰਿੰਦਰ ਸਿੰਘ ਤਕ ਪੁੱਜੀ ਜਿਸ ਨੂੰ ਦੇਖ ਕੇ ਮੁੱਖ ਮੰਤਰੀ ਦਾ ਮਨ ਵੀ ਪਸੀਜ ਗਿਆ ਅਤੇ ਉਨ੍ਹਾਂ ਨੇ ਬੀਬੀ ਨਿਰਮਲ ਕੌਰ ਦੀ ਮਦਦ ਦਾ ਐਲਾਨ ਕੀਤਾ।
ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਬੀਬੀ ਨਿਰਮਲ ਕੌਰ ਨੇ ਆਪਣੀ ਸਾਰੀ ਦਾਸਤਾਨ ਉਸ ਦੇ ਇਲਾਕੇ ਵਿਚ ਰਹਿਣ ਵਾਲੇ ਕੁਲਵੰਤ ਸਿੰਘ ਨੂੰ ਦੱਸੀ ਜਿਸ ਨੇ ਸੋਸ਼ਲ ਮੀਡੀਆ ‘ਤੇ ਉਸ ਦੀ ਦੁੱਖ ਭਰੀ ਦਾਸਤਾਨ ਨੂੰ ਵਾਇਰਲ ਕਰ ਦਿੱਤਾ ਤੇ ਇਹ ਵੀਡੀਓ ਦੇਖ ਕੇ ਕੈਪਟਨ ਵੀ ਇਸ ਬਜ਼ੁਰਗ ਔਰਤ ਦੀ ਮਦਦ ਕਰਨ ਲਈ ਮਜਬੂਰ ਹੋ ਗਏ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਮਦਦ ਦਾ ਐਲਾਨ ਕੀਤਾ ਅਤੇ ਉਸ ਦੇ ਮਕਾਨ ਦਾ ਬਕਾਇਆ ਅਤੇ ਆਉਂਦੇ ਪੂਰੇ ਸਾਲ ਦਾ ਕਿਰਾਇਆ ਦੇਣ ਬਾਰੇ ਐਲਾਨ ਕੀਤਾ ਅਤੇ ਨਾਲ ਹੀ ਡੀ. ਸੀ. ਲੁਧਿਆਣਾ ਨੂੰ ਪੀੜਤ ਪਰਿਵਾਰ ਦੇ ਘਰ ਜਾ ਉਸ ਦੀ ਹਰ ਸੰਭਵ ਮਦਦ ਕਰਨ ਨੂੰ ਕਿਹਾ।