Akali leader Baljit : ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਲਜੀਤ ਸਿੰਘ ਨੀਲਾਮਹਿਲ ਦਾ ਐਤਵਾਰ ਸਵੇਰੇ 5.00 ਵਜੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।ਉਹ ਜਲੰਧਰ ਸ਼ਹਿਰ ਦੀ ਰਾਜਨੀਤੀ ‘ਚ ਕਾਫੀ ਪ੍ਰਭਾਵ ਰੱਖਦੇ ਸਨ। ਨੀਲਾਮਹਿਲ ਇੰਡਸਟਰੀ ਅਤੇ ਰੀਅਲ ਅਸਟੇਟ ਕਾਰੋਬਾਰ ਨਾਲ ਜੁੜੇ ਸਨ ਅਤੇ ਤੇਜ਼ ਤਰਾਰ ਨੇਤਾ ਮੰਨੇ ਜਾਂਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਹਰਨਾਮਦਾਸ ਪੁਰਾ ਦੇ ਸ਼ਮਸ਼ਾਨਘਾਟ ‘ਚ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਉਹ 5 ਵਜੇ ਛੱਤ ‘ਤੇ ਸੈਰ ਕਰਨ ਲਈ ਗਏ ਤਾਂ ਉਨ੍ਹਾਂ ਨੂੰ ਛਾਤੀ ‘ਚ ਦਰਦ ਮਹਿਸੂਸ ਹੋਇਆ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਰਸਤੇ ‘ਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਨੀਲਾਮਹਿਲ ਦੇ ਛੋਟੇ ਭਰਾ ਕੌਂਸਲਰ ਕਮਲਜੀਤ ਸਿੰਘ ਗਾਂਧੀ ਦਾ ਵੀ ਪਿਛਲੇ ਸਾਲ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ।

ਉਨ੍ਹਾਂ ਦੇ ਦੇਹਾਂਤ ‘ਤੇ ਜਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਐੱਚ. ਐੱਸ. ਵਾਲੀਆ, ਅਮਰਜੀਤ ਸਿੰਘ ਕਿਸ਼ਨਪੁਰਾ, ਅਮਰਪ੍ਰੀਤ ਸਿੰਘ ਮੋਂਟੀ, ਗੁਰਪ੍ਰਤਾਪ ਸਿੰਘ ਪੰਨੂੰ, ਇਸਤਰੀ ਅਕਾਲੀ ਦਲ ਦੀ ਸੀਨੀਅਰ ਨੇਤਾ ਪਰਮਿੰਦਰ ਕੌਰ ਪੰਨੂੰ, ਸੁਖਮਿੰਦਰ ਸਿੰਘ, ਰਾਜਪਾਲ ਗੁਰਦੇਵ ਸਿੰਘ ਗੋਲਡੀ ਭਾਟੀਆ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਨੀਲਮਾਹਿਲ ਦੋਆਬਾ ਦੇ ਸੀਨੀਅਰ ਨੇਤਾ ਸਨ। ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ‘ਚ ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ। ਨੀਲਾਮਹਿਲ ਦੇ ਸੁਖਬੀਰ ਬਾਦਲ ਨਾਲ ਨਜ਼ਦੀਕੀ ਰਿਸ਼ਤੇ ਸਨ।






















