Another young man : ਮੁਕੇਰੀਆਂ : ਪੰਜਾਬ ਦਾ ਇਕ ਹੋਰ ਜਾਂਬਾਜ਼ ਬੁੱਧਵਾਰ ਨੂੰ ਦੇਸ਼ ਦੀ ਸਰਹੱਦ ‘ਤੇ ਕੁਰਬਾਨ ਹੋ ਗਿਆ। ਭਾਰਤੀ ਫੌਜ ਦੇ ਸੂਬੇਦਾਰ ਰਾਜੇਸ਼ ਕੁਮਾਰ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਪਾਕਿਸਤਾਨੀ ਫੌਜੀਆਂ ਦੀ ਗੋਲੀਬਾਰੀ ‘ਚ ਬਲਿਦਾਨ ਹੋ ਗਿਆ। ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਵਿਖੇ ਸੀਜ਼ ਫਾਇਰ ਦੀ ਉਲੰਘਣਾ ਰੋਜ਼ਾਨਾ ਕੀਤੀ ਜਾ ਰਹੀ ਹੈ। ਇਸੇ ਗੋਲੀਬਾਰੀ ਦਾ ਜਵਾਬ ਦਿੰਦੇ ਹੋਏ ਜਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਦਾ ਰਹਿਣ ਵਾਲੇ ਸੂਬੇਦਾਰ ਰਾਜੇਸ਼ ਕੁਮਾਰ ਸ਼ਹੀਦ ਹੋ ਗਏ। ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਇਕ ਜਵਾਨ ਨੇ ਰਾਜੌਰੀ ‘ਚ ਹੀ ਪਾਕਿਸਤਾਨੀ ਫੌਜੀਆਂ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਦਿੱਤੀ ਸੀ।
40 ਸਾਲ ਦੇ ਸੂਬੇਦਾਰ ਰਾਜੇਸ਼ ਕੁਮਾਰ ਹੁਸ਼ਿਆਰਪੁਰ ਜਿਲ੍ਹੇ ਦੇ ਮੁਕੇਰੀਆਂ ਦੇ ਪਿੰਡ ਕਲੀਚਪੁਰ ਕਲੋਤਾ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਸਵੇਰੇ ਲਗਭਗ ਸਾਢੇ 3 ਵਜੇ ਪਾਕਿਸਤਾਨੀ ਫੌਜ ਦੀ ਗੋਲੀਬਾਰੀ ‘ਚ ਸੂਬੇਦਾਰ ਰਾਜੇਸ਼ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਪੇਟ ਤੇ ਗਲੇ ਵਿੱਚ ਗੋਲੀਆਂ ਵੱਜੀਆਂ ਸਨ। ਰਾਜੇਸ਼ ਕੁਮਾਰ ਦੀ ਸ਼ਹਾਦਤ ਦੀ ਖਬਰ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ
ਸੂਬੇਦਾਰ ਰਾਜੇਸ਼ ਕੁਮਾਰ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਤਾਇਨਾਤ 66 ਆਰ. ਟੀ. ਬਟਾਲੀਅਨ ਵਿੱਚ ਨਿਯੁਕਤ ਸਨ। ਬਲਿਦਾਨੀ ਸੂਬੇਦਾਰ ਰਾਜੇਸ਼ ਕੁਮਾਰ ਦਾ ਮ੍ਰਿਤਕ ਸਰੀਰ ਕਲ ਪਿੰਡ ਵਿੱਚ ਲਿਆਂਦਾ ਜਾਵੇਗਾ। । ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਇਸ ਪੁੱਤਰ ਰਾਜੇਸ਼ ‘ਤੇ ਉਨ੍ਹਾਂ ਨੂੰ ਮਾਣ ਹੈ। ਲੋਕਾਂ ਨੇ ਕਿਹਾ ਕਿ ਰਾਜੇਸ਼ ਕੁਮਾਰ ਨੇ ਉਨ੍ਹਾਂ ਦੇ ਪਿੰਡ ਦਾ ਨਾਂ ਉੱਚਾ ਕਰ ਦਿੱਤਾ ਹੈ। ਰਾਜੇਸ਼ ਕੁਮਾਰ ਦੇ ਪਿਤਾ ਰਾਮਚੰਦ ਵੀ ਫੌਜ ਤੋਂ ਹੀ ਰਿਟਾਇਰਡ ਹੋਏ ਹਨ। ਰਾਜੇਸ਼ ਕੁਮਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋਕ ਕੇ ਬੁਰਾ ਹਾਲ ਹੈ। ਉਨ੍ਹਾਂ ਦੀ ਇਕ 13 ਸਾਲਾ ਲੜਕੀ ਰੀਆ ਅਤੇ 11 ਸਾਲਾ ਲੜਕਾ ਜਤਿਨ ਹੈ। ਰਾਜੇਸ਼ ਕੁਮਾਰ 1996 ਵਿੱਚ 60 ਆਰ. ਟੀ. ਯੂਨਿਟ ਅਟੈਲਰੀ ਵਿੱਚ ਭਰਤੀ ਹੋਇਆ ਸੀ।