ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀਆਂ ਕਥਿਤ ਇਤਰਾਜ਼ਯੋਗ ਵੀਡੀਓਜ਼ ਦੇ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ- ਚੰਡੀਗੜ੍ਹ ਯੂਨੀਵਰਸਿਟੀ ਵਿਖੇ ਵਾਪਰੀ ਮੰਦਭਾਗੀ ਘਟਨਾ ਸੁਣ ਕੇ ਦੁੱਖ ਲੱਗਿਆ…ਸਾਡੀਆਂ ਧੀਆਂ ਸਾਡੀ ਇੱਜ਼ਤ ਨੇ…ਘਟਨਾ ਦੀ ਉੱਚ-ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ…ਜੋ ਵੀ ਦੋਸ਼ੀ ਹੋਇਆ ਸਖ਼ਤ ਕਾਰਵਾਈ ਕਰਾਂਗੇ…
ਮੁੱਖ ਮੰਤਰੀ ਨੇ ਕਿਹਾ- ਮੈਂ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ ਅਤੇ ਸਾਰਿਆਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕਰਦਾ ਹਾਂ। ਦੂਜੇ ਪਾਸੇ ਇਸ ਮਾਮਲੇ ‘ਚ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ-ਇਸ ਮਾਮਲੇ ‘ਚ ਕਿਹਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਤੋਂ ਇਲਾਵਾ ਕੁਝ ਹੋਰ ਵੀਡੀਓਜ਼ ਬਣਾਈਆਂ ਗਈਆਂ ਹਨ, ਇਹ ਪੂਰੀ ਤਰ੍ਹਾਂ ਨਾਲ ਗਲਤ ਹੈ। ਸਾਡੀ ਜਾਂਚ ਵਿੱਚ ਅਜਿਹਾ ਕੋਈ ਹੋਰ ਵੀਡੀਓ ਸਾਹਮਣੇ ਨਹੀਂ ਆਇਆ ਹੈ। ਸਾਡੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ, ਅਸੀਂ ਇੱਕ ਵਿਦਿਆਰਥਣ ਨੂੰ ਗ੍ਰਿਫਤਾਰ ਵੀ ਕੀਤਾ ਹੈ।
ਕਿਹਾ- ਹੁਣ ਅਸੀਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ। ਸਾਡੇ ਕੋਲ ਜੋ ਵੀ ਜਾਣਕਾਰੀ ਅਤੇ ਵੀਡੀਓ ਹਨ, ਅਸੀਂ ਫੋਰੈਂਸਿਕ ਜਾਂਚ ਕਰਵਾ ਰਹੇ ਹਾਂ। ਹੁਣ ਤੱਕ ਕੀਤੀ ਗਈ ਜਾਂਚ ‘ਚ ਇਹ ਸਾਫ ਹੋ ਗਿਆ ਹੈ ਕਿ ਜੋ ਵੀਡਿਓ ਹੈ, ਉਹ ਉਸਦਾ ਆਪਣਾ ਹੈ, ਇਸ ਤੋਂ ਇਲਾਵਾ ਕਿਸੇ ਹੋਰ ਦੀ ਵੀਡੀਓ ਨਹੀਂ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਮੋਹਾਲੀ ਵਿਖੇ ਚੰਡੀਗੜ੍ਹ ਯੂਨੀਵਰਸਿਟੀ ‘ਚ ਸ਼ਨੀਵਾਰ ਅੱਧੀ ਰਾਤ ਨੂੰ ਹੰਗਾਮਾ ਹੋ ਗਿਆ। ਇੱਥੇ ਪੜ੍ਹਦੀ ਇੱਕ ਵਿਦਿਆਰਥਣ ਨੇ 60 ਦੇ ਕਰੀਬ ਵਿਦਿਆਰਥਣਾਂ ਦੀ ਨਹਾਉਂਦੇ ਹੋਏ ਵੀਡੀਓ ਵਾਇਰਲ ਕਰ ਦਿੱਤੀ। ਉਸ ਨੇ ਇਹ ਵੀਡੀਓ ਸ਼ਿਮਲਾ ‘ਚ ਰਹਿੰਦੇ ਆਪਣੇ ਦੋਸਤ ਨੂੰ ਭੇਜੀ, ਜਿਸ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਇਸ ਗੱਲ ਦਾ ਪਤਾ ਲੱਗਣ ‘ਤੇ 8 ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਰਾਤ ਕਰੀਬ 2.30 ਵਜੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਉੱਥੇ ਪਹੁੰਚ ਗਈ। ਹਾਲਾਂਕਿ ਗੁੱਸੇ ‘ਚ ਆਈਆਂ ਵਿਦਿਆਰਥਣਾਂ ਪੁਲਸ ‘ਤੇ ਵੀ ਭੜਕ ਗਈਆਂ। ਉਨ੍ਹਾਂ ਪੁਲਿਸ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੀਆਂ ਗੱਡੀਆਂ ਵੀ ਭੰਨੀਆਂ। ਪੁਲਿਸ ਨੇ ਵੀਡੀਓ ਅੱਗੇ ਭੇਜਣ ਵਾਲੀ ਵਿਦਿਆਰਥਣ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਵੇਲੇ ਕੈਂਪਸ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।