Corona rage on : ਦੇਸ਼ ਭਰ ‘ਚ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਸੂਬੇ ਵਿਚ ਦਿਨੋ-ਦਿਨ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਹਨ ਤੇ ਨਾਲ ਹੀ ਇਸ ਖਤਰਨਾਕ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਅੱਜ ਜਿਲ੍ਹਾ ਜਲੰਧਰ ‘ਚ 7 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਤੇ ਇਸ ਦੇ ਨਾਲ ਹੀ 15 ਨਵੇਂ ਕੋਰੋਨਾ ਦੇ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ।
ਕਲ ਜਲੰਧਰ ਵਿਖੇ 178 ਕੇਸਾਂ ਦੀ ਪੁਸ਼ਟੀ ਹੋਈ ਸੀ। ਜਲੰਧਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 5072 ਤਕ ਪੁੱਜ ਚੁੱਕੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਕਲ ਜਿਹੜੇ ਪਾਜੀਟਿਵ ਕੇਸ ਸਾਹਮਣੇ ਆਏ ਸਨ ਉਨ੍ਹਾਂ ਵਿਚੋਂ 57 ਕੇਸ ਤਾਂ ਇੰਫੈਕਟਿਡ ਵਿਅਕਤੀਆਂ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀ ਸਨ ਤੇ ਬਾਕੀਆਂ ਬਾਰੇ ਅਜੇ ਤਕ ਕੋਈ ਪੁਸ਼ਟੀ ਨਹੀਂ ਹੋਈ ਹੈ। ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 122 ਤਕ ਪੁੱਜ ਗਈ ਹੈ। ਇਸ ਤੋਂ ਇਲਾਵਾ ਕਲ 672 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪਾਈ ਗਈ ਸੀ ਤੇ 97 ਲੋਕ ਸਿਹਤਯਾਬ ਹੋ ਕੇ ਘਰਾਂ ਨੂੰ ਵੀ ਪਰਤ ਗਏ ਸਨ। ਕੋਰੋਨਾ ਖਿਲਾਫ ਆਪਣੀ ਲੜਾਈ ਵਿਚ ਰਜਨੀਸ਼ ਅਤੇ ਸ਼ਿਵ ਨਗਰ ਦੇ ਮੋਹਨ ਲਾਲ ਵੀ ਹਾਰ ਗਏ।
ਸ਼ੁੱਕਰਵਾਰ ਨੂੰ ਸੂਬੇ ਵਿਚ 34 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਗਈ ਤੇ ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 991 ਤਕ ਪੁੱਜ ਗਈ ਹੈ। ਸੂਬੇ ਦੇ ਵੱਖ-ਵੱਖ ਹਸਪਤਾਲਾਂ ‘ਚ ਇਸ ਸਮੇਂ ਆਈਸੋਲੇਸ਼ਨ ਵਾਰਡਾਂ ‘ਚ ਭਰਤੀ 14443 ਮਰੀਜ਼ਾਂ ‘ਚੋਂ 460 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਬੇ ‘ਚ ਕੋਰੋਨਾ ਦੇ 1513 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਰਾਹਤ ਭਰੀ ਖਬਰ ਇਹ ਵੀ ਹੈ ਕਿ 856 ਲੋਕ 24 ਘੰਟਿਆਂ ਦਰਮਿਆਨ ਠੀਕ ਵੀ ਹੋਏ ਹਨ।