Demand for action : ਕੋਰੋਨਾ ਦਾ ਕਹਿਰ ਪੂਰੇ ਸੂਬੇ ਵਿਚ ਲਗਾਤਾਰ ਵਧ ਰਿਹਾ ਹੈ। ਰੋਜ਼ਾਨਾ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ। ਅਜਿਹੇ ਵਿਚ ਜਿਲ੍ਹਾ ਅੰਮ੍ਰਿਤਸਰ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਵਿੱਚ ਪ੍ਰਾਈਵੇਟ ਲੈਬਾਂ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਦਰਅਸਲ, ਬਹੁਤ ਸਾਰੇ ਲੋਕਾਂ ਨੇ ਇਸ ਲੈਬ ਤੋਂ ਟੈਸਟ ਕਰਵਾਏ ਸਨ ਜਿਨ੍ਹਾਂ ਦੀਆਂ ਰਿਪੋਰਟਾਂ ਪਾਜੀਟਿਵ ਆਈਆਂ ਸਨ, ਪਰ ਜਦੋਂ ਲੋਕ ਸਰਕਾਰੀ ਜਾਂ ਹੋਰ ਲੈਬ ਤੋਂ ਦੁਬਾਰਾ ਟੈਸਟ ਕਰਾਉਂਦੇ ਹਨ ਤਾਂ ਰਿਪੋਰਟਾਂ ਉਦੋਂ ਨੈਗਟਿਵ ਆ ਰਹੀਆਂ ਹਨ। ਅੰਮ੍ਰਿਤਸਰ ਦੇ ਮਜੀਠਾ ਰੋਡ ਖੇਤਰ ਵਿਚ ਸਥਿਤ ਇਕ ਪ੍ਰਾਈਵੇਟ ਲੈਬ ‘ਤੇ ਲੋਕਾਂ ਦੀਆਂ ਝੂਠੀਆਂ ਕੋਰੋਨਾ ਰਿਪੋਰਟਾਂ ਬਣਾਉਣ ਦਾ ਦੋਸ਼ ਹੈ। ਇਸ ਲੈਬ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਪ੍ਰਸ਼ਾਸਨ ਨੂੰ ਮਿਲੀਆਂ ਹਨ। ਫਿਲਹਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਉਕਤ ਲੈਬ ਦੇ ਖਿਲਾਫ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ।
ਅੰਮ੍ਰਿਤਸਰ ਦੇ ਸਿਵਲ ਸਰਜਨ ਨੇ ਕਿਹਾ ਕਿ ਲੈਬ ਵਲੋਂ ਝੂਠੀਆਂ ਕੋਰੋਨਾ ਰਿਪੋਰਟ ਬਣਾਈਆਂ ਜਾ ਰਹੀਆਂ ਹਨ। ਇਥੋਂ ਤਕ ਕਿ ਜਿਹੜੇ ਲੋਕ ਠੀਕ ਹਨ, ਉਨ੍ਹਾਂ ਦਾ ਵੀ ਕੋਰੋਨਾ ਟੈਸਟ ਪਾਜੀਟਿਵ ਦੱਸਿਆ ਜਾ ਰਿਹਾ ਹੈ। ਅਜਿਹਾ ਕਰਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਇੱਕ ਪੱਤਰ ਲਿਖਿਆ ਹੈ। ਜੇਕਰ ਇਨ੍ਹਾਂ ਪ੍ਰਾਈਵੇਟ ਲੈਬਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਲੋਕਾਂ ਦਾ ਇਨ੍ਹਾਂ ਪ੍ਰਾਈਵੇਟ ਲੈਬਾਂ ਤੋਂ ਵਿਸ਼ਵਾਸ ਉਠ ਜਾਵੇਗਾ। ਇਨ੍ਹਾਂ ਵਿਰੁੱਧ ਪ੍ਰਸ਼ਾਸਨ ਵਲੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਅਜਿਹੇ ਗਲਤ ਕੰਮ ਕਰਨ ਤੋਂ ਡਰਨ।
ਸੂਬੇ ‘ਚ ਮੰਗਲਵਾਰ ਨੂੰ ਕੋਰੋਨਾ ਦੇ 69 ਕੇਸ ਸਾਹਮਣੇ ਆਏ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 497 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 2719 ਹੋ ਗਈ ਹੈ ਜਦੋਂ ਕਿ 2167 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਉੱਥੇ ਹੀ ਅੱਜ ਸੂਬੇ ‘ਚ 2 ਮੌਤਾਂ ਹੋਈਆਂ ਹਨ. ਫਰੀਦਕੋਟ ਜਿਲ੍ਹੇ ਦੇ ਕੋਟਕਪੂਰਾ ਵਿੱਚ ਇੱਕ ਹੀ ਪਰਿਵਾਰ ਦੇ 13 ਜਾਣਿਆ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜਿਸ ਕਾਰਨ ਹੁਣ ਫਰੀਦਕੋਟ ਜਿਲ੍ਹੇ ਵਿੱਚ ਹੁਣ ਐਕਟਿਵ ਕੇਸਾਂ ਦੀ 25 ਹੋ ਗਈ ਹੈ।