Enforcement Directorate (ED) : ਪਿਛਲੇ ਦਿਨੀਂ ਲਗਾਤਾਰ ਸੂਬੇ ਵਿਚ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਦੇ ਫੜ੍ਹੇ ਜਾਣ ਤੋਂ ਬਾਅਦ ਪੰਜਾਬ ਵਿਚ ਸ਼ਰਾਬ ਦੇ ਗੈਰ-ਕਾਨੂੰਨੀ ਕਾਰੋਬਾਰ ਦਾ ਮਾਮਲਾ ਕਾਫੀ ਸੁਰਖੀਆਂ ਵਿਚ ਹੈ ਤੇ ਵੱਖ-ਵੱਖ ਅਕਾਲੀ ਤੇ ਭਾਜਪਾ ਆਗੂਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਦੋਸ਼ ਲਗਾਏ ਜਾ ਰਹੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਮਾਮਲਾ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਆਪਣੇ ਅਧੀਨ ਲੈ ਲਿਆ ਹੈ ਤੇ ਹੁਣ ਇਸ ਡਿਪਾਰਟਮੈਂਟ ਵਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।
ਇਸ ਸਬੰਧੀ ਮਾਮਲੇ ਵਿਚ ਜਾਂਚ ਨੇ ਤੇਜ਼ੀ ਫੜ ਲਈ ਹੈ ਤੇ ਜਲੰਧਰ ਈ. ਡੀ. ਡਿਪਾਰਟਮੈਂਟ ਵਲੋਂ ਪੰਜਾਬ ਪੁਲਿਸ ਨੂੰ ਚਿੱਠੀ ਲਿਖ ਕੇ ਪਿਛਲੇ ਦਿਨੀਂ ਜਿਹੜੇ ਗੈਰ-ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ‘ਤੇ ਛਾਪੇ ਮਾਰੇ ਗਏ ਸਨ, ਉਸ ਸਬੰਧੀ ਸਾਰੀਆਂ ਰਿਪੋਰਟਾਂ ਈ. ਡੀ. ਨੂੰ ਸੌਂਪੀਆਂ ਗਈਆਂ ਹਨ ਤਾਂ ਜੋ ਡੂੰਘਾਈ ਨਾਲ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰੀ ‘ਤੇ ਕਾਰਵਾਈ ਕੀਤੀ ਜਾ ਸਕੇ। ਸੂਬੇ ਵਿਚ ਦਰਜ ਹੋਈਆਂ FIR, ਜਾਂਚ ਰਿਪੋਰਟਾਂ ਤੇ ਬੈਂਕ ਖਾਤਿਆਂ ਦਾ ਵੇਰਵਾ ਤੇ ਸਾਰੇ ਸਬੰਧਤ ਦਸਤਾਵੇਜ਼ ਵੀ ਈ. ਡੀ. ਨੂੰ ਸੌਂਪੇ ਜਾਣਗੇ ਤਾਂ ਜੋ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਜਾ ਸਕੇ।
ਈ. ਡੀ. ਪ੍ਰੀਵੈਂਸ਼ਨ ਆਫ ਮਨੀ ਲਾਂਡ੍ਰਿੰਗ ਐਕਟ ਅਧੀਨ ਮਾਮਲੇ ਦੀ ਜਾਂਚ ਪੜਤਾਲ ਕਰ ਰਿਹਾ ਹੈ। ਈ. ਡੀ. ਦੀਆਂ ਨਜ਼ਰਾਂ ਉਨ੍ਹਾਂ ਸਾਰੀਆਂ ਐੱਫ. ਆਈ. ਆਰ. ‘ਤੇ ਟਿਕੀਆਂ ਹੋਈਆਂ ਹਨ ਜੋ ਪਿਛਲੇ ਦਿਨੀਂ ਪਟਿਆਲਾ, ਖੰਨਾ ਤੇ ਲੁਧਿਆਣਾ ਵਿਚ ਦਰਜ ਕੀਤੀਆਂ ਗਈਆਂ ਹਨ। ਪਟਿਆਲਾ ਦੇ SSP ਮਨਦੀਪ ਸਿੰਘ ਨੇ ਵੀ ਅਧਿਕਾਰੀਆਂ ਨੂੰ ਜਲਦ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ 14 ਮਈ ਨੂੰ ਗਨੁਰ ਹਲਕਾ ਦੇ ਸ਼ੰਭੂ ਇਲਾਕੇ ਵਿਚ ਜਿਹੜਾ ਗੈਰ-ਕਾਨੂੰਨੀ ਸ਼ਰਾਬ ਬਣਾਉਣ ਦਾ ਪਲਾਂਟ ਫੜਿਆ ਗਿਆ ਸੀ ਉਸ ਵਿਚ ਕਾਂਗਰਸੀ ਵਿਧਾਇਕ ਦੇ ਨੇੜਲੇ ਦਿਪੇਸ਼ ਕੁਮਾਰ ਨੂੰ ਵੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਖੰਨਾ ਵਿਚ ਵੀ ਨਾਜਾਇਜ਼ ਸ਼ਰਾਬ ਬਣਾਉਣ ਦਾ ਪਲਾਂਟ ਵਿਰੁੱਧ ਵੀ ਕਾਰਵਾਈ ਈ. ਡੀ. ਵਲੋਂ ਕੀਤੀ ਜਾਵੇਗੀ। ਇਸ ਤਰ੍ਹਾਂ ਸੂਬੇ ਵਿਚ ਹੁਣ ਨਾਜਾਇਜ਼ ਸ਼ਰਾਬ ਤੇ ਕਾਰੋਬਾਰ ‘ਤੇ ਜਲਦ ਹੀ ਨਕੇਲ ਕੱਸ ਲਈ ਜਾਵੇਗੀ ਤੇ ਇਸ ਵਿਚ ਸ਼ਾਮਲ ਵਿਅਕਤੀਆਂ ਨੂੰ ਕਿਸੇ ਵੀ ਕੀਮਤ ‘ਤੇ ਮੁਆਫ ਨਹੀਂ ਕੀਤਾ ਜਾਵੇਗਾ।