Establishment Of Sports : ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅਕਾਲੀ ਦਲ ਲੜਕੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਯੋਗ ਬਣਾਉਣ ਲਈ ਵਿਸ਼ਵ ਪੱਧਰ ਦੀ ਕੋਚਿੰਗ ਦੇਣ ਲਈ ਸਪੋਰਟਸ ਅਕੈਡਮੀਆਂ ਦੀ ਸਥਾਪਨਾ ਕਰਨ ਦੀ ਪਹਿਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀਂ ਹਨ। ਇਸ ਲਈ ਉਨ੍ਹਾਂ ਨੂੰ ਵੀ ਹਰੇਕ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲੜਕੀਆਂ ‘ਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਲੋੜੀਂਦੀ ਸਹਾਇਤਾ ਨਾ ਮਿਲਣ ਕਾਰਨ ਉਹ ਅੱਗੇ ਨਹੀਂ ਵਧ ਪਾਉਂਦੀਆਂ।
ਹੋਰ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਨੂੰ ਜ਼ੋਨਾਂ ਵਿਚ ਵੰਡਿਆ ਜਾਵੇਗਾ ਤੇ ਸਪੋਰਟਸ ਅਕੈਡਮੀ ਦੀ ਸਥਾਪਨਾ ਕੀਤੀ ਜਾਵੇਗੀ ਜਿਥੇ ਲੜਕੀਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ-ਨਾਲ ਖੇਡ ਖੇਤਰ ‘ਚ ਵਿਸ਼ਵ ਪੱਧਰ ਦੀ ਕੋਚਿੰਗ ਦੀ ਸਹੂਲਤ ਵੀ ਦਿੱਤੀ ਜਾਵੇਗੀ ਤੇ ਨਾਲ ਹੀ ਉਨ੍ਹਾਂ ਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਇਸੇ ਲਈ ਅਗਲੇ ਹਫਤੇ ਇਕ ਉਚ ਤਾਕਤੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਵਿਚ ਵੱਖ-ਵੱਖ ਖੇਡਾਂ ਤੋਂ ਪ੍ਰਮੁੱਖ ਮਹਿਲਾ ਖਿਡਾਰੀ ਤੇ ਸਾਬਕਾ ਐਵਾਰਡੀ ਮਹਿਲਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ੋਨਾਂ ਵਿਚ ਲੜਕੀਆਂ ਦੇ ਟ੍ਰਾਇਲ ਲਏ ਜਾਣਗੇ ਤੇ ਇਹ ਟ੍ਰਾਇਲਜ਼ ਪ੍ਰੋਫੈਸ਼ਨਲ ਕੋਚਾਂ ਦੀ ਨਿਗਰਾਨੀ ਹੇਠ ਹੋਣਗੇ ਅਤੇ ਚੁਣੀ ਗਈ ਲੜਕੀ ਨੂੰ ਮੁਫਤ ਸਿੱਖਿਆ, ਖੁਰਾਕ ਤੇ ਸਿਖਲਾਈ ਚੋਟੀ ਦੇ ਕੋਚਾਂ ਵੱਲੋਂ ਦਿੱਤੀ ਜਾਵੇਗੀ ਤਾਂ ਜੋ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਖੇਡਾਂ ਵਿਚ ਲੜਕੀਆਂ ਦੀ ਕਾਰਗੁਜ਼ਾਰੀ ਸੁਧਾਰੀ ਜਾ ਸਕੇ।