ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਠੰਡ ਤੋਂ ਬਚਣ ਲਈ ਲੋਕਾਂ ਵੱਲੋਂ ਕਮਰੇ ਵਿਚ ਹੀ ਅੰਗੀਠੀਆਂ ਬਾਲੀਆਂ ਜਾਂਦੀਆਂ ਹਨ ਜਿਸ ਕਾਰਨ ਕਈ ਵਾਰ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਅਜਿਹਾ ਹੀ ਇਕ ਹਾਦਸਾ ਬੀਤੀ ਰਾਤ ਜਲੰਧਰ ਕੈਂਟ ਦੇ ਨਾਲ ਲੱਗੇ ਧੱਕਾ ਕਾਲੋਨੀ ਵਿਚ ਵਾਪਰਿਆ ਜਿਥੇ ਪਿਤਾ-ਪੁੱਤਰ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਤਿੰਨ ਲੋਕ ਅੰਗੀਠੀ ਬਾਲ ਕੇ ਸੌਂ ਰਹੇ ਸਨ। ਇਸੇ ਦੌਰਾਨ ਜ਼ਹਿਰੀਲੇ ਧੂੰਏ ਨਾਲ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਮ ਬਲੀ ਮੋਚੀ (50) ਪੁੱਤਰ ਖੇਲੋ ਦਾਸ ਤੇ ਉਸ ਦੇ ਪੁੱਤਰ ਨਵੀਨ ਕੁਮਾਰ (24) ਵਜੋਂ ਹੋਈ ਹੈ। ਉਸ ਦੇ ਨਾਲ ਰਹਿੰਦਾ ਕਜ਼ਨ ਭਰਾ ਰਾਜੇਸ਼ ਕੁਮਾਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਗੁਆਂਢੀ ਉਨ੍ਹਾਂ ਦੇ ਘਰ ਪਹੁੰਚਿਆ। ਤਿੰਨੋਂ ਰਾਜ ਮਿਸਤਰੀ ਦਾ ਕੰਮ ਕਰਦੇ ਸਨ। ਜਦੋਂ ਤਿੰਨਾਂ ਦੇ ਕੰਮ ‘ਤੇ ਜਾਣ ਦਾ ਸਮਾਂ ਆਇਆ ਤਾਂ ਉਹ ਉਠੇ ਨਹੀਂ ਤਾਂ ਗੁਆਂਢੀ ਉੁਨ੍ਹਾਂ ਨੂੰ ਉਠਾਉਣ ਲਈ ਉਨ੍ਹਾਂ ਦੇ ਘਰ ਪਹੁੰਚਿਆ। ਗੁਆਂਢੀ ਨੇ ਤਿੰਨਾਂ ਨੂੰ ਪਾਣੀ ਭਰਨ ਵਾਸਤੇ ਬੁਲਾਇਆ ਪਰ ਕੋਈ ਜਵਾਬ ਨਹੀਂ ਮਿਲਿਆ। ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਉਹ ਅੰਦਰ ਗਏ ਤਾਂ ਤਿੰਨੋਂ ਬੇਹੋਸ਼ੀ ਦੀ ਹਾਲਤ ਵਿਚ ਪਏ ਹੋਏ ਸਨ।
ਰਾਜੇਸ਼ ਦੇ ਭਰਾ ਨੇ ਦੱਸਿਆ ਕਿ ਤਿੰਨੋਂ ਇਕ ਹੀ ਕਮਰੇ ਵਿਚ ਅੰਗੀਠੀ ਵਿਚ ਅੱਗ ਲਗਾ ਕੇ ਸੁੱਤੇ ਪਏ ਸਨ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਪਿਓ-ਪੁੱਤ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਲੰਧਰ ਕੈਂਟ ਦੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਅੰਗੀਠੀ ਸਣੇ ਹੋਰ ਸਾਮਾਨ ਬਰਾਮਦ ਕਰ ਲਿਆ ਹੈ। ਫਿਲਹਾਲ ਰਾਜੇਸ਼ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਕੇਸ ਵਿਚ ਸੀਆਰਪੀਸੀ 174 ਦੀ ਕਾਰਵਾਈ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ –