ਸੰਗਤ ਮੰਡੀ : ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਪੁਲਿਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਘੁੱਦਾ ਵਾਸੀ ਵਿਕਰਮਜੀਤ ਸ਼ਰਮਾ ਪੁੱਤਰ ਪ੍ਰਲਾਦ ਰਾਮ ਨੇ ਪ੍ਰਿਤਪਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬੀੜ ਰੋੜ ਬਠਿੰਡਾ ਵਿਰੁੱਧ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਦੋਸ਼ ਲਗਾਏ ਹਨ ਕਿ ਉਕਤ ਵਿਅਕਤੀ ਨੇ ਉਸ ਨੂੰ ਪੁਲਿਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਸਾਢੇ 13 ਲੱਖ ਦੀ ਠੱਗੀ ਮਾਰੀ ਹੈ।
ਪੀੜਤ ਵਿਕਰਮਜੀਤ ਸ਼ਰਮਾ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਸਰਕਾਰੀ ਨੌਕਰੀ ਕਰਨਾ ਚਾਉਂਦਾ ਸੀ ਅਤੇ ਇਸੇ ਦੌਰਾਨ ਸਾਲ 2021 ’ਚ ਉਸ ਦੇ ਮਾਸੜ ਦੀ ਮੁਲਾਕਾਤ ਪ੍ਰਿਤਪਾਲ ਸਿੰਘ ਵਾਸੀ ਬਠਿੰਡਾ ਨਾਲ ਹੋਈ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਜਾਣ-ਪਛਾਣ ਉਚ ਸਿਆਸੀ ਲੀਡਰਾਂ ਅਤੇ ਪੰਜਾਬ ਪੁਲਿਸ ਦੇ ਵੱਡੇ- ਵੱਡੇ ਅਧਿਕਾਰੀਆਂ ਨਾਲ ਹੈ, ਉਸ ਨੇ ਆਪਣੇ ਰੁਤਬੇ ਸਦਕਾ ਪਹਿਲਾ ਵੀ ਕਈ ਲੜਕੇ ਪੰਜਾਬ ਪੁਲਿਸ ’ਚ ਸਿਪਾਹੀ ਲਗਵਾਏ ਹਨ।
ਇਹ ਵੀ ਪੜ੍ਹੋ : ਮੁੰਬਈ ‘ਚ ਬਹੁਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 8 ਲੋਕ ਜ਼ਖਮੀ
ਪ੍ਰਿਤਪਾਲ ਸਿੰਘ ਦੀਆਂ ਗੱਲਾਂ ਸੁਣ ਕੇ ਉਹ ਝਾਂਸੇ ’ਚ ਆ ਗਿਆ ਅਤੇ ਪੁਲਿਸ ’ਚ ਭਰਤੀ ਹੋਣ ਲਈ ਉਸ ਨੇ ਪ੍ਰਿਤਪਾਲ ਸਿੰਘ ਨੂੰ ਸਾਢੇ 13 ਲੱਖ ਰੁਪਏ ਦੇ ਦਿੱਤੇ, ਜਿਨ੍ਹਾਂ ’ਚੋਂ ਉਸ ਨੇ ਇਕ ਲੱਖ 30 ਹਜ਼ਾਰ ਰੁਪਏ ਪ੍ਰਿਤਪਾਲ ਦੇ ਬੈਂਕ ਖਾਤੇ ’ਚ ਜਮ੍ਹਾ ਕਰਵਾਏ। ਉਨ੍ਹਾਂ ਦੱਸਿਆ ਕਿ ਪ੍ਰਿਤਪਾਲ ਸਿੰਘ ਵੱਲੋਂ ਨਾਂ ਤਾਂ ਉਸ ਨੂੰ ਪੁਲਿਸ ’ਚ ਭਰਤੀ ਕਰਵਾਇਆ ਅਤੇ ਨਾਂ ਹੀ ਉਸ ਤੋਂ ਲਏ ਪੈਸੇ ਵਾਪਸ ਕੀਤੇ।
ਜਾਣਕਾਰੀ ਅਨੁਸਾਰ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਵਿਕਰਮਜੀਤ ਸ਼ਰਮਾ ਦੇ ਬਿਆਨ ‘ਤੇ ਪ੍ਰਿਤਪਾਲ ਸਿੰਘ ਵਾਸੀ ਬਠਿੰਡਾ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਅਜੇ ਤਕ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: