Grenade found in : ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ‘ਤੇ ਸਥਿਤ ਹਿਮਾਚਲ ਪ੍ਰਦੇਸ਼ ਦੇ ਭਦਰੋਇਆ ਸਥਿਤ ਡਮਟਾਲ ਪਹਾੜੀਆਂ ‘ਚ ਐਤਵਾਰ ਨੂੰ ਗ੍ਰੇਨੇਡ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਇਸ ਗ੍ਰੇਨੇਡ ਨੂੰ ਇਨਐਕਟਿਵ ਕਰਨ ਲਈ ਫੌਜ ਦੇ ਬੰਬ ਰੋਕਥਾਮ ਦਸਤੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਪੁਲਿਸ ਨੂੰ ਇਸ ਗ੍ਰੇਨੇਡ ਸਬੰਧੀ ਸੂਚਨਾ ਸਥਾਨਕ ਨਿਵਾਸੀ ਵਲੋਂ ਦਿੱਤੀ ਗਈ।ਉਕਤ ਵਿਅਕਤੀ ਪਹਾੜੀ ‘ਤੇ ਲੱਕੜੀ ਕੱਟਣ ਲਈ ਗਿਆ ਸੀ ਜਿਵੇਂ ਹੀ ਉਸ ਨੇ ਉਕਤ ਗ੍ਰੇਨੇਡ ਨੂੰ ਝਾੜੀਆਂ ‘ਚ ਦੇਖਿਆ ਦਾਂ ਉਸ ਦੇ ਹੋਸ਼ ਉਡ ਗਏ।
ਡਮਟਾਲ ਪੁਲਿਸ ਇੰਚਾਰਜ ਨੂੰ ਜਲਦ ਹੀ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਦੇ ਅਧਿਕਾਰੀ ਤੇ ਜਵਾਨਾਂ ਵਲੋਂ ਇਲਾਕੇ ਵਿਚ ਭਾਲ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਤੇ ਸੁਰੱਖਿਆ ਏਜੰਸੀਆਂ ਜਾਂਚ ‘ਚ ਲੱਗੀਆਂ ਹੋਈਆਂ ਹਨ। ਇਸ ਸਬੰਧ ਵਿਚ ਹਿਮਾਚਲ ਪੁਲਿਸ ਦੇ ਏ.ਐੱਸ. ਪੀ. ਦਿਨੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੇ ਡਮਟਾਲ ‘ਚ ਫੋਨ ਕਰਕੇ ਗ੍ਰੇਨੇਡ ਹੋਣ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਥਾਣਾ ਡਮਟਾਲ ਇੰਚਾਰਜ ਹਰੀਸ਼ ਗੁਲੇਰੀਆ ਮੌਕੇ ‘ਤੇ ਪੁੱਜੇ ਅਤੇ ਮੁਆਇਨਾ ਕੀਤਾ। ਪੁਲਿਸ ਟੀਮ ਨੇ ਗ੍ਰੇਨੇਡ ਦੇ ਚਾਰੋਂ ਪਾਸੇ ਸੁਰੱਖਿਆ ਦੀਵਾਰ ਬਣਾ ਦਿੱਤੀ ਹੈ। ਫੌਜ ਨੂੰ ਸੂਚਿਤ ਕਰ ਦਿੱਤਾ ਗਿਆ ਹੈ।