Harsimrat said the : ਖੇਤੀ ਬਿੱਲਾਂ ਸਬੰਧੀ ਅਸਤੀਫੇ ਤੋਂ ਬਾਅਦ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਤੋਂ ਸਵਾਲ ਪੁੱਛੇ ਗਏ। ਬੀਬਾ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਬਾਰੇ ਵੀ ਸਵਾਲ ਕੀਤੇ ਗਏ ਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਅਸਤੀਫਾ ਮਜਬੂਰੀ ‘ਚ ਦਿੱਤਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਆਪਣਾ ਫਰਜ਼ ਅਦਾ ਕੀਤਾ ਹੈ। ਮੈਂ ਉਨ੍ਹਾਂ ਕਿਸਾਨ ਭਰਾਵਾਂ ਲਈ ਅੱਗੇ ਆਈ ਹਾਂ ਜੋ ਇਨਸਾਫ ਲਈ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਹ ਲੋਕ ਜਿਨ੍ਹਾਂ ਨੇ ਮੈਨੂੰ ਸੰਸਦ ‘ਚ ਭੇਜਿਆ ਤੇ ਜੇ ਮੈਂ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਾ ਸਕਦੀ ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਉਹ ਸਰਕਾਰ ਛੱਡ ਦੇਣੀ ਚਾਹੀਦੀ ਹੈ। ਇਨ੍ਹਾਂ ਕਿਸਾਨਾਂ ਦੇ ਨਾਲ ਮਿਲ ਕੇ ਸੰਘਰਸ਼ ਕਰਨਾ ਮੇਰਾ ਫਰਜ਼ ਸੀ ਅਤੇ ਮੈਂ ਉਹ ਫਰਜ਼ ਅਦਾ ਕੀਤਾ ਹੈ।
ਬੀਬਾ ਬਾਦਲ ਤੋਂ ਪੁੱਛਿਆ ਗਿਆ ਕਿ ਅਕਾਲੀ ਦਲ ‘ਤੇ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਅਕਾਲੀ ਦਲ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਚੁੱਪ ਕਿਉਂ ਹੈ? ਤੇ ਹੁਣ ਇਕੋਦਮ ਯੂ ਟਰਨ ਕਿਉਂ ਲੈ ਲਿਆ ਗਿਆ ਤਾਂ ਬੀਬਾ ਬਾਦਲ ਨੇ ਕਿਹਾ ਕਿ ਜਦੋਂ ਬਿੱਲ ਮੇਰੇ ਕੋਲ ਆਏ ਸਨ ਤਾਂ ਮੈਂ ਕਿਸਾਨ ਪੱਖਾਂ ਨੂੰ ਸਾਹਮਣੇ ਰੱਖਿਆ ਸੀ ਤੇ ਬੇਨਤੀ ਕੀਤੀ ਸੀ ਕਿ ਪਹਿਲਾਂ ਕਿਸਾਨਾਂ ਦੀਆਂ ਸ਼ੰਕਾਵਾਂ ਨੂੰ ਦੂਰ ਕੀਤਾ ਜਾਵੇ ਤੇ ਇਨ੍ਹਾਂ ਖੇਤੀ ਬਿੱਲਾਂ ‘ਤੇ ਦੁਬਾਰਾ ਵਿਚਾਰ ਕੀਤਾ ਜਾਵੇ। ਆਰਡੀਨੈਂਸ ਬਣਨ ਤੋਂ ਬਾਅਦ ਮੈਂ ਕਿਸਾਨਾਂ ਕੋਲ ਗਈ ਤੇ ਕਿਸਾਨਾਂ ਤੋਂ ਇਨ੍ਹਾਂ ਆਰਡੀਨੈਂਸਾਂ ਬਾਰੇ ਵਿਚਾਰ ਪੁੱਛੇ ਗਏ। MSP ਬਾਰੇ ਸ਼ੰਕਾਵਾਂ ਉਠੀਆਂ ਤੇ ਇਨ੍ਹਾਂ ਸਵਾਲਾਂ ਨੂੰ ਕੇਂਦਰ ਸਾਹਮਣੇ ਚੁੱਕਿਆ ਗਿਆ ਤੇ ਵਾਰ-ਵਾਰ ਇਨ੍ਹਾਂ ਖੇਤੀ ਬਿੱਲਾਂ ਨੂੰ ਰੁਕਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਬਿਨਾਂ ਸ਼ੰਕਾਵਾਂ ਦੂਰ ਕੀਤੇ ਬਿੱਲ ਪਾਸ ਕਰ ਦਿੱਤੇ ਗਏ। ਬੀਬਾ ਬਾਦਲ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕੈਪਟਨ ਸਾਹਿਬ ਨਾਲ ਵੀ ਖੇਤੀ ਆਰਡੀਨੈਂਸਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਕਾਨੂੰਨ ਕਿਸਾਨਾਂ ਲਈ ਬਣਾਏ ਗਏ ਹਨ ਜੇਕਰ ਉਸ ਤੋਂ ਕਿਸਾਨ ਹੀ ਖੁਸ਼ ਨਹੀਂ ਹਨ ਤਾਂ ਉਸ ਕਾਨੂੰਨ ਦਾ ਕੀ ਫਾਇਦਾ?
ਖੇਤੀ ਆਰਡੀਨੈਂਸ ਦੇਸ਼ ਹਿੱਤਾਂ ਨੂੰ ਦੇਖਦੇ ਹੋਏ ਬਣਾਏ ਗਏ ਹਨ ਨਾ ਕਿ ਕਿਸਾਨ ਦੇ ਹਿੱਤਾਂ ਨੂੰ ਦੇਖਦੇ ਹੋਏ। ਉਨ੍ਹਾਂ ਕਿਹਾ ਕਿ MSP ਤਾਂ ਕਿਸੇ ਵੀ ਹਾਲਤ ‘ਚ ਖਤਮ ਨਹੀਂ ਹੋਵੇਗੀ। ਸਰਕਾਰੀ ਮੰਡੀਕਰਨ ਢਾਂਚਾ ਖਤਮ ਹੋ ਜਾਵੇਗਾ। ਇਨ੍ਹਾਂ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਸੀ। ਸ. ਸੁਖਬੀਰ ਬਾਦਲ ਬਾਰੇ ਕਿਹਾ ਗਿਆ ਕਿ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਮੈਂ ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਵੋਟ ਦਿੱਤਾ ਸੀ ਤੇ ਇਸ ਦਾ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਵੀ ਮਜ਼ਾਕ ਉਡਾਇਆ ਗਿਆ ਸੀ ਕਿ ਵੋਟਿੰਗ ਤਾਂ ਕਿਸੇ ਵੀ ਤਰ੍ਹਾਂ ਦੀ ਨਹੀਂ ਹੋਈ ਫਿਰ ਸ. ਬਾਦਲ ਨੇ ਵੋਟ ਕਿਸ ਨੂੰ ਪਾਈ? ਇਸ ‘ਤੇ ਬੀਬਾ ਬਾਦਲ ਨੇ ਜਵਾਬ ਦਿੱਤਾ ਕਿ 6 ਸਾਲਾਂ ‘ਚ ਜਿੱਥੇ ਰੋਜ਼ ਬਿੱਲ ਪਾਸ ਹੁੰਦੇ ਹਨ, ਉਥੇ ਵੋਟ ਤਾਂ ਪਾਈ ਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਨਾਲ ਡੱਕੇ ਨੂੰ ਸੰਸਦ ‘ਚ ਪਈ ਵੋਟ ਦਾ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜਿਹੜਾ ਮੈਂਬਰ ਸ਼ਰਾਬ ਪੀ ਕੇ ਸੰਸਦ ‘ਚ ਸ਼ਾਮਲ ਹੁੰਦਾ ਹੈ ਤੇ ਇਸ ਬਾਰੇ ਕਈ ਵਾਰ ਸਪੀਕਰ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਉਹ ਬਾਜ਼ ਨਹੀਂ ਆਏ। ਭਗਵੰਤ ਮਾਨ ਵੱਲੋਂ ਇਸ ‘ਤੇ ਮਾਂ ਦੀ ਸਹੁੰ ਵੀ ਖਾਧੀ ਗਈ ਪਰ ਹਰਸਿਮਰਤ ਬਾਦਲ ਨੇ ਕਿਹਾ ਕਿ ਜਿਹੜਾ ਵਿਅਕਤੀ ਦਰਬਾਰ ਸਾਹਿਬ ਸ਼ਰਾਬ ਪੀ ਕੇ ਜਾ ਸਕਦਾ ਹੈ ਉਸ ਲਈ ਮਾਂ ਕਿਹੜੀ ਵੱਡੀ ਚੀਜ਼ ਹੈ?