IELTS Institutions in : ਕੁਝ ਦਿਨ ਪਹਿਲਾਂ ਹੀ CBSE ਵਲੋਂ 12ਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਵਿਦਿਆਰਥੀ IELTS ਕਰਕੇ ਵਿਦੇਸ਼ਾਂ ਨੂੰ ਜਾਣਾ ਚਾਹੁੰਦੇ ਹਨ ਪਰ ਪੰਜਾਬ ਵਿਚ ਆਈਲੈਟਸ ਇੰਸਟੀਚਿਊਸ਼ਨ ਖੋਲ੍ਹਣ ਦੀ ਇਜਾਜ਼ਤ ਨਹੀਂ ਮਿਲ ਰਹੀ ਹੈ ਜਿਸ ਕਾਰਨ ਵਿਦਿਆਰਥੀ ਦੁਚਿੱਤੀ ਵਿਚ ਹਨ ਕਿ ਉਨ੍ਹਾਂ ਦਾ ਵਿਦੇਸ਼ਾਂ ਦੇ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਦਾਖਲਾ ਹੋ ਸਕੇਗਾ ਜਾਂ ਨਹੀਂ ਜਦੋਂ ਕਿ ਯੂਰਪ, ਕੈਨੇਡਾ ਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਨੇ ਆਪਣੀਆਂ ਸੰਸਥਾਵਾਂ ਵਿਚ ਦਾਖਲਾ ਸ਼ੁਰੂ ਕਰ ਦਿੱਤਾ ਹੈ।
ਵਿਦੇਸ਼ਾਂ ਵਿਚ ਜਾਣ ਲਈ ਆਈਲੈਟਸ ਪਾਸ ਕਰਨਾ ਜ਼ਰੂਰੀ ਹੈ। ਇਸ ਲਈ ਬ੍ਰਿਟਿਸ਼ ਕੌਂਸਲ ਅਤੇ ਇੰਟਰਨੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ (ਆਈ. ਡੀ. ਪੀ.) ਟੈਸਟ ਲੈਣ ਲਈ ਰਜਿਸਟਰਡ ਹੈ। ਦੋਵੇਂ ਸੰਸਥਾਵਾਂ ਨੇ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ (ਐੱਸ. ਪੀ. ਓ.) ਮੁਤਾਬਕ ਟੈਸਟ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਆਈਲੈਟਸ ਦੀ ਤਿਆਰੀ ਕਰਵਾਉਣ ਵਾਲੇ ਇੰਸਟੀਚਿਊਟ ਬੰਦ ਹੋਣ ਕਾਰਨ ਨਾ ਤਾਂ ਵਿਦਿਆਰਥੀ ਅੰਗਰੇਜ਼ੀ ਦੀ ਟ੍ਰੇਨਿੰਗ ਲੈ ਪਾ ਰਹੇ ਹਨ। ਪੰਜਾਬ ਤੇ ਚੰਡੀਗੜ੍ਹ ਦੇ ਆਈਲੈਟਸ ਇੰਸਟੀਚਿਊਸ਼ਨਾਂ ਨੇ ਵੀ ਰਾਜ ਸਰਕਾਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਆਪਣੇ ਟ੍ਰੇਨਿੰਗ ਸੈਂਟਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬੱਸ ਵਿਚ 5-6 ਘੰਟੇ ਦੇ ਸਫਰ ਲਈ 52 ਲੋਕਾਂ ਨੂੰ ਬੈਠਣ ਦੀ ਇਜਾਜ਼ਤ ਦੇ ਸਕਦੀ ਹੈ ਤਾਂ ਦੋ ਘੰਟੇ ਦੀ ਟ੍ਰੇਨਿੰਗ ਵਾਸਤੇ ਸੈਂਟਰ ਖੋਲ੍ਹਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ।
ਐਡੀਸ਼ਨਲ ਚੀਫ ਸੈਕ੍ਰੇਟਰੀ ਹੋਮ ਸਤੀਸ਼ ਚੰਦਰਾ ਨੇ ਦੱਸਿਆ ਕਿ ਇੰਸਟੀਚਿਊਸ਼ਨਾਂ ਵਲੋਂ ਟ੍ਰੇਨਿੰਗ ਸੈਂਟਰ ਖੋਲ੍ਹਣ ਲਈ ਪੁੱਛਿਆ ਜਾ ਰਿਹਾ ਹੈ। ਸਾਡੇ ਕੋਲ ਪੱਤਰ ਵੀ ਆ ਰਹੇ ਹਨ ਪਰ ਭਾਰਤ ਸਰਕਾਰ ਵਲੋਂ ਨਿਰਦੇਸ਼ ਜਾਰੀ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਅਸੀਂ ਇਨ੍ਹਾਂ ਨੂੰ ਖੋਲ੍ਹਣ ਦੇ ਹੁਕਮ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਸੰਪਰਕ ਕਰ ਰਹੇ ਹਾਂ। ਪੰਜਾਬ ਵਿਚ ਹਰ ਸਾਲ ਲਗਭਗ ਡੇਢ ਲੱਖ ਬੱਚੇ ਵਿਦੇਸ਼ਾਂ ਵਿਚ ਪੜ੍ਹਨ ਲਈ ਜਾਂਦੇ ਹਨ।