In Patiala and Bathinda : ਕੋਰੋਨਾ ਦੇ ਵਧਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਵਲੋਂ ਐਤਵਾਰ ਨੂੰ ਤੇ ਸਰਕਾਰੀ ਛੁੱਟੀ ਵਾਲੇ ਦਿਨ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਪਟਿਆਲਾ ਵਿਖੇ ਸ਼ੁੱਕਰਵਾਰ ਰਾਤ ਨੂੰ ਇਕ ਨਰਸ ਸਣੇ 6 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿਚ ਇਕ ਔਰਤ ਅਤੇ 4 ਪੁਰਸ਼ ਸ਼ਾਮਲ ਹਨ। ਇਨ੍ਹਾਂ ਵਿਚੋਂ 2 ਰਾਜਪੁਰਾ ਤੋਂ ਤੇ ਬਾਕੀ ਭਾਦਸੋਂ, ਸਮਾਣਾ ਤੇ ਪਾਤੜਾਂ ਨਾਲ ਸਬੰਧਤ ਕੇਸ ਹਨ। ਪਟਿਆਲੇ ਤੋਂ ਜਿਹੜੀ ਔਰਤ ਕੋਰੋਨਾ ਪਾਜੀਟਿਵ ਪਾਈ ਗਈ ਹੈ ਉਹ ਰਾਜਿੰਦਰਾ ਹਸਪਤਾਲ ਵਿਖੇ ਨਰਸ ਹੈ। ਇਸ ਤਰ੍ਹਾਂ ਪਟਿਆਲਾ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 157 ਹੋ ਗਈ ਹੈ।
ਬਠਿੰਡਾ ਵਿਚ ਅੱਜ ਸਵੇਰੇ ਜਿਥੇ ਇਕ ਵਿਅਕਤੀ ਕੋਰੋਨਾ ਦੀ ਜੰਗ ਹਾਰ ਗਿਆ ਉਥੇ ਇਕ ਹੋਰ ਵਿਅਕਤੀ ਦੀ ਰਿਪੋਰਟ ਪਾਜੀਟਿਵ ਆਈ ਹੈ। ਬਠਿੰਡਾ ਵਿਚ ਹੁਣ ਤਕ ਕੋਰੋਨਾ ਦੇ 7 ਐਕਟਿਵ ਮਾਮਲੇ ਹਨ। ਕੁੱਲ ਮਰੀਜ਼ਾਂ ਦੀ ਗਿਣਤੀ 57 ਹੈ ਜਿਨ੍ਹਾਂ ਵਿਚੋਂ 50 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਉਕਤ ਵਿਅਕਤੀ ਜਿਸ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ ਉਹ ਕੁਝ ਦਿਨ ਪਹਿਲਾਂ ਹੀ ਅਹਿਮਦਾਬਾਦ ਤੋਂ ਵਾਪਸ ਪਰਤਿਆ ਸੀ ਤੇ ਉਸ ਨੂੰ ਘਰ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਸੀ ਤੇ ਅੱਜ ਰਿਪੋਰਟ ਆਉਣ ‘ਤੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
ਕੋਰੋਨਾ ਦਾ ਕਹਿਰ ਸੂਬੇ ਵਿਚ ਲਗਾਤਾਰ ਵਧ ਰਿਹਾ ਹੈ ਅਤੇ ਇਥੇ ਸਭ ਤੋਂ ਵੱਧ ਮਾਮਲੇ ਹੁਣ ਤੱਕ ਅੰਮ੍ਰਿਤਸਰ ’ਚ ਹੀ ਸਾਹਮਣੇ ਆ ਰਹੇ ਹਨ। ਪੰਜਾਬ ਵਿਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 63 ਹੋ ਚੁੱਕੀ ਹੈ। ਇਸ ਤੋਂ ਇਲਾਵਾ ਜਲੰਧਰ ਵਿਚ ਕੋਰੋਨਾ ਦੇ 325, ਲੁਧਿਆਣਾ ’ਚ 313, ਤਰਨਤਾਰਨ ’ਚ 173, ਮੋਹਾਲੀ ’ਚ 136, ਹੁਸ਼ਿਆਰਪੁਰ ’ਚ 136, ਪਟਿਆਲਾ ’ਚ 152, ਸੰਗਰੂਰ ’ਚ 134, ਨਵਾਂਸ਼ਹਿਰ ’ਚ 124, ਗੁਰਦਾਸਪੁਰ ’ਚ 167, ਮੁਕਤਸਰ ’ਚ 72, ਮੋਗਾ ’ਚ 67, ਫਰੀਦਕੋਟ ’ਚ 86, ਫਿਰੋਜ਼ਪੁਰ ’ਚ 46, ਫਾਜ਼ਿਲਕਾ ’ਚ 48, ਬਠਿੰਡਾ ’ਚ 55, ਪਠਾਨਕੋਟ ’ਚ 113, ਬਰਨਾਲਾ ’ਚ 28, ਮਾਨਸਾ ’ਚ 34, ਫਤਿਹਗੜ੍ਹ ਸਾਹਿਬ ’ਚ 73, ਕਪੂਰਥਲਾ ’ਚ 41 ਤੇ ਰੋਪੜ ’ਚ 71 ਮਾਮਲੇ ਸਾਹਮਣੇ ਆ ਚੁੱਕੇ ਹਨ।