Insects from ration : ਖੰਨਾ: ਪੰਜਾਬ ਸਰਕਾਰ ਵਲੋਂ ਕੋਰੋਨਾ ਕਾਲ ਦੌਰਾਨ ਖਾਣ ਵਾਸਤੇ ਰਾਸ਼ਨ ਭੇਜਿਆ ਜਾ ਰਿਹਾ ਹੈ ਪਰ ਭੇਜੀਆਂ ਜਾ ਰਹੀਆਂ ਰਾਸ਼ਨ ਦੀਆਂ ਕਿੱਟਾਂ ਇੰਨੀਆਂ ਖਰਾਬ ਨਿਕਲ ਰਹੀਆਂ ਹਨ ਕਿ ਉਹ ਖਾਣ ਦੇ ਯੋਗ ਨਹੀਂ ਹਨ। ਖੰਨਾ ਦੇ ਨੇੜਲੇ ਪਿੰਡ ਕੋਟ ਸੇਖੋਂ ਵਿਖੇ ਪੰਜਾਬ ਸਰਕਾਰ ਵਲੋਂ ਪਿੰਡ ਦੇ ਕੁਝ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਪਰ ਜਿਹੜਾ ਰਾਸ਼ਨ ਪਿੰਡ ਦੇ ਲੋਕਾਂ ਨੂੰ ਦਿੱਤਾ ਗਿਆ ਹੈ ਉਹ ਖਾਣ ਦੇ ਲਾਇਕ ਨਹੀਂ ਹੈ।
ਪਿੰਡ ਵਾਸੀਆਂ ਨੂੰ ਜਿਹੜੀਆਂ ਕਿੱਟਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ‘ਚ ਆਟਾ-ਦਾਲ, ਖੰਡ ਖ਼ਰਾਬ ਸੀ। ਜਾਣਕਾਰੀ ਦਿੰਦਿਆਂ ਪਿੰਡ ਦੀ ਪੰਚ ਗੁਰਜੀਤ ਸਿੰਘ, ਪੰਚ ਕੇਵਲ ਸਿੰਘ ਨੇ ਦੱਸਿਆ ਪਿੰਡ ਵਾਸੀਆਂ ਨੂੰ ਜੋ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ, ਉਹ ਜਾਨਵਰਾਂ ਦੇ ਖਾਣ ਦੇ ਲਾਇਕ ਵੀ ਨਹੀਂ ਹਨ। ਉਨ੍ਹਾਂ ਵਿਚ ਕੀੜੇ-ਮਕੌੜੇ, ਜਾਲੇ, ਸੁਸਰੀ ਆਦਿ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਸ਼ਨ ਕਿੱਟਾਂ ਭੇਜੀਆਂ ਗਈਆਂ ਸਨ, ਜਿਸ ਦੀ ਜ਼ਿੰਮੇਵਾਰੀ ਸਰਪੰਚ ਦੀ ਬਣਦੀ ਹੈ ਕਿ ਉਹ ਵੰਡ ਕਰਨ ਤੋਂ ਪਹਿਲਾਂ ਵੇਖਣ ਕਿ ਰਾਸ਼ਨ ਕਿੱਟਾਂ ਸਹੀ ਹਨ ਜਾਂ ਖ਼ਰਾਬ ਹਨ। ਜਦੋਂ ਇਸ ਸਬੰਧੀ ਸਰਪੰਚ ਪਰਮਜੀਤ ਕੌਰ ਦੇ ਪਤੀ ਜੀ. ਓ. ਜੀ. ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਾਨੂੰ ਲਗਭਗ 133 ਸਰਕਾਰੀ ਰਾਸ਼ਨ ਕਿੱਟਾਂ ਆਈਆਂ ਸਨ।
ਸਰਪੰਚ ਨੇ ਦੱਸਿਆ ਕਿ ਮਿਲੀਆਂ ਰਾਸ਼ਨ ਕਿੱਟਾਂ ਵਿਚੋਂ ਉਨ੍ਹਾਂ ਕੋਲੋਂ ਕੁਝ ਬਚ ਗਈਆਂ ਸਨ ਜੋ ਕਿ ਉਨ੍ਹਾਂ ਨੇ ਪਿੰਡ ਦੇ ਲੋਕਾਂ ‘ਚ ਵੰਡ ਦਿੱਤੀਆਂ। ਸਰਪੰਚ ਨੇ ਸ਼ਿਕਾਇਤ ਕੀਤੀ ਇਨ੍ਹਾਂ ‘ਚੋਂ ਕੁਝ ਕਿੱਟਾਂ ਖਰਾਬ ਵੀ ਨਿਕਲੀਆਂ ਤੇ ਉਨ੍ਹਾਂ ਨੇ ਆਪਣੀ ਜੇਬ ਖਰਚ ‘ਚੋਂ ਵੀ ਲੋਕਾਂ ਨੂੰ ਰਾਸ਼ਨ ਵੰਡਿਆ। ਫਿਰ ਵੀ ਉਨ੍ਹਾਂ ਕਿਹਾ ਜੇਕਰ ਕਿਸੇ ਨੂੰ ਖਰਾਬ ਰਾਸ਼ਨ ਕਿੱਟਾਂ ਮਿਲੀਆਂ ਹਨ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਖੇਦ ਹੈ ਤੇ ਪਿੰਡ ਵਾਲੇ ਇਹ ਰਾਸ਼ਨ ਵਾਪਸ ਕਰ ਸਕਦੇ ਹਨ।