Knock by Corona : ਜਿਲ੍ਹਾ ਜ਼ੀਰਕਪੁਰ ਦੇ ਮਮਤਾ ਇਨਕਲੇਵ ਵਿਚ ਕੋਰੋਨਾ ਪਾਜੀਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਤੇ ਉਹ ਮਮਤਾ ਇਨਕਲੇਵ ਵਿਚ ਮਕਾਨ ਨੰ. 80 ਵਿਚ ਰਹਿੰਦਾ ਹੈ। ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਪਹਿਲਾਂ ਪਾਜੀਟਿਵ ਵਿਅਕਤੀ ਅੰਮ੍ਰਿਤਸਰ ਵਿਖੇ ਫੋਟੋਗ੍ਰਾਫੀ ਕਰਕੇ ਵਾਪਸ ਆਪਣੇ ਘਰ ਜ਼ੀਰਕਪੁਰ ਪਰਤਿਆ ਸੀ। ਵਾਪਸ ਆਉਣ ‘ਤੇ ਉਸ ਨੂੰ ਘਰ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਤੇ ਉਸ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਜਿਸ ਦੀ ਰਿਪੋਰਟ ਅੱਜ ਕੋਰੋਨਾ ਪਾਜੀਟਿਵ ਆਈ ਹੈ। ਉਸ ਨੂੰ ਗਿਆਨ ਸਾਗਰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ।
ਸਿਹਤ ਵਿਭਾਗ ਦੀ ਟੀਮ ਵਲੋਂ ਪਾਜੀਟਿਵ ਪਾਏ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀਟੈਸਟ ਲਈ ਭੇਜ ਦਿੱਤੇ ਗਏ ਹਨ ਤੇ ਢਕੋਲੀ ਪੁਲਿਸ ਵਲੋਂ ਘਰ ਨੂੰ ਸੀਲ ਕੀਤਾ ਜਾ ਚੁੱਕਾ ਹੈ। ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਕਾਰਨ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸ਼ਨੀਵਾਰ ਨੂੰ ਸੂਬੇ ਵਿਚ ਕੋਰੋਨਾਵਾਇਰਸ ਦੇ 54 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2500 ਪਾਰ ਹੋ ਗਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 50 ਹੈ। ਸ਼ਨੀਵਾਰ ਨੂੰ 54 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 26, ਫਾਜ਼ਿਲਕਾ,ਬਰਨਾਲਾ, ਮੁਹਾਲੀ, ਮੋਗਾ ਅਤੇ ਬਠਿੰਡਾ ਵਿੱਚੋਂ ਇੱਕ-ਇੱਕ ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ 10, ਫਤਿਹਗੜ੍ਹ ਸਾਹਿਬ 4, ਪਠਾਨਕੋਟ 5, ਫਰੀਦਕੋਟ ਅਤੇ ਮਾਨਸਾ ਤੋਂ ਦੋ-ਦੋ ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।
ਪਿਛਲੇ 2 ਦਿਨਾਂ ਵਿਚ 23 ਮਰੀਜ਼ ਸਿਹਤਯਾਬ ਹੋਏ ਹਨ। ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 17, ਗੁਰਦਾਸਪੁਰ ਤੋਂ 1, ਮੋਹਾਲੀ ਤੋਂ 1 ਅਤੇ ਸੰਗਰੂਰ ਤੋਂ 4 ਮਰੀਜ਼ ਸਿਹਤਯਾਬ ਹੋਏ ਹਨ। ਸੂਬੇ ‘ਚ ਕੁੱਲ 115974 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2515 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2092 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 373 ਲੋਕ ਐਕਟਿਵ ਮਰੀਜ਼ ਹਨ।