Many leaders including : ਜੀਰਾ ਦੇ ਸਾਬਕਾ ਵਿਧਾਇਕ ਰਹੇ ਨਰੇਸ਼ ਕਟਾਰੀਆ ਸੋਮਵਾਰ ਨੂੰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨਾਲ ਜਸਵੰਤ ਗੱਜਣ ਮਾਜਰਾ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਅਕਾਲੀ ਨੇਤਾ ਰਮੇਸ਼ ਮੇਘਵਾਲ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਮਾਨਸਾ ਵਿਧਾਨ ਸਭਾ ਖੇਤਰ ਤੋਂ ਸਾਲ 2012 ‘ਚ ਪੰਜਾਬ ਪੀਪਲਜ਼ ਪਾਰਟੀ ਦੀ ਟਿਕਟ ‘ਤੇ ਚੋਣਾਂ ਲੜੀਆਂ ਸਨ।
ਇਸ ਮੌਕੇ ‘ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਮਿਹਨਤੀ ਤੇ ਜ਼ਿੰਮੇਵਾਰ ਲੋਕਾਂ ਨੂੰ ਆਪ ਵਿਚ ਟਿਕਟ ਮਿਲੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪਾਰਟੀ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਰਕਾਰ ਨੇ ਪਟਿਆਲਾ ‘ਚ ਪਲਾਜ਼ਮਾ ਬੈਂਕ ਖੋਲ੍ਹਿਆ ਹੈ, ‘ਤੇ ਲੋਕਾਂ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਹੈ। ਸਰਕਾਰ ਕੁਝ ਦੱਸ ਵੀ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਰ ਤੋਂ ਬਾਹਰ ਨਹੀਂ ਨਿਕਲ ਰਹੇ ਸਨ। ਆਪ ਨੇ ਧਰਨੇ ਲਗਾਉਣੇ ਸ਼ੁਰੂ ਕੀਤੇ ਤਾਂ ਉਹ ਘਰ ਤੋਂ ਬਾਹਰ ਨਿਕਲੇ ਹਨ। ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ ਵਿਚ ਸਰਕਾਰ ਟਾਲ ਮਟੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਖੇਤੀ ਆਰਡੀਨੈਂਸ, ਯੂਨੀਵਰਸਿਟੀਆਂ ਦੀ ਵਿੱਤੀ ਹਾਲਾਤ ‘ਤੇ ਚਰਚਾ ਕਰੇਗੀ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਰੇਤ ਮਾਫੀਆ ਪਹਿਲਾਂ ਦੀ ਤਰ੍ਹਾਂ ਹੀ ਹੈ ਤੇ ਕਾਂਗਰਸ ਸਰਕਾਰ ‘ਚ ਸਿਰਫ ਪਰਚੀ ਕੱਟਣ ਵਾਲੇ ਬਦਲੇ ਹਨ। ਰੇਤ ਮਾਫੀਆ ਬੇਖੌਫ ਹੋ ਕੇ ਘਪਲੇ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੋਰੋਨਾ ਮਹਾਮਾਰੀ ਦੌਰਾਨ ਲੌਕਡਾਊਨ ‘ਚ ਕੈਪਟਨ ਸਰਕਾਰ ਨੇ ਹਸਪਤਾਲਾਂ ਵਲ ਕੋਈ ਧਿਆਨ ਨਹੀਂ ਦਿੱਤਾ ਹੈ। ਨਾ ਤਾਂ ਵੈਂਟੀਲੇਟਰ ਵਧਾਏ ਗਏ ਹਨ ਤੇ ਨਾ ਹੀ ਹੋਰ ਸਹੂਲਤਾਂ। ਸੂਬੇ ਦੇ ਸਾਰੇ ਹਸਪਤਾਲਾਂ ‘ਚ ਆਮ ਆਦਮੀ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ।