ਪੰਜਾਬ ਦੀਆਂ ਮੰਡੀਆਂ ਵਿਚ ਹੁਣ ਆਨਲਾਈਨ ਗੇਟ ਐਂਟਰੀ ਹੋਵੇਗੀ। ਇਹ ਐਲਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੀਤਾ। ਸਨੌਰ ਰੋਡ ‘ਤੇ ਸਥਿਤ ਫਲ ਤੇ ਸਬਜ਼ੀ ਮੰਡੀ ਵਿਚ ਬੂਮ ਬੈਰੀਅਰ, ਸੀਸੀਟੀਵੀ ਕੈਮਰੇ ਤੇ ਵੇਬ੍ਰਿਜ ਦਾ ਉਦਘਾਟਨ ਕਰਨ ਮੌਕੇ ਉਨ੍ਹਾਂ ਇਹ ਐਲਾਨ ਕੀਤਾ।
ਚੇਅਰਮੈਨ ਹਰਚੰਦ ਸਿੰਘ ਨੇ ਕਿਹਾ ਕਿ ਮੰਡੀ ਬੋਰਡ ਹੁਣ ਆਧੁਨਿਕਤਾ ਦੇ ਰਸਤੇ ‘ਤੇ ਚੱਲਦੇ ਹੋਏ ਨਵੀਆਂ ਤਕਨੀਕਾਂ ਨੂੰ ਅਪਨਾ ਰਹੀ ਹੈ। ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਆਨਲਾਈਨ ਗੇਟ ਐਂਟਰੀ ਦਾ ਉਦਘਾਟਨ ਕੀਤਾ।
ਪਟਿਆਲਾ ਜ਼ਿਲ੍ਹੇ ਦੀ ਸਨੌਰ ਰੋਡ ‘ਤੇ ਸਥਿਤ ਆਧੁਨਿਕ ਫਲ ਤੇ ਸਬਜ਼ੀ ਮੰਡੀ ਪੰਜਾਬ ਦੀ ਪਹਿਲੀ ਅਜਿਹੀ ਮੰਡੀ ਹੈ ਜਿਥੇ ਫਲਾਂ ਤੇ ਸਬਜ਼ੀਆਂ ਦੀ ਆਨਲਾਈਨ ਐਂਟਰੀ ਮੰਡੀ ਦੇ ਮੁੱਖ ਗੇਟ ‘ਤੇ ਵੇਬ੍ਰਿਜ ਰਾਹੀਂ ਤੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਵਿਚ ਹੋਵੇਗੀ ਜਿਸ ਲਈ ਬੋਰਡ ਵੱਲੋਂ ਆਪਣਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ ਤਾਂ ਕਿ ਮੰਡੀ ਵਿਚ ਆਉਣ ਵਾਲੀਆਂ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲਾਂ ਦਾ ਰਿਕਾਰਡ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਬੋਰਡ ਕੋਲ ਦੂਜੇ ਸੂਬਿਆਂ ਤੋਂ ਆਉਣ ਵਾਲੇ ਸਾਮਾਨ ਤੇ ਵਪਾਰੀਆਂ ਦਾ ਡਾਟਾ ਵੀ ਹੋਵੇਗਾ।
ਦੱਸ ਦੇਈਏ ਕਿ ਮੰਡੀ ਵਿਚ ਏਟੀਐੱਮ ਲਗਾਉਣ ਦੀ ਮੰਗ ਕਾਫੀ ਸਮੇਂ ਤੋਂ ਹੀ ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਮੰਡੀ ਵਿਚ ਏਟੀਐੱਮ ਲਗਾਉਣ ਲਈ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਇਸ ਕੰਮ ਨੂੰ ਪੂਰਾ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੰਡੀ ਤੋਂ ਬਾਹਰ ਜਾਣ ਵਾਲੇ ਰਸਤੇ ‘ਤੇ ਇਕ ਚੈੱਕ ਪੋਸਟ ਵੀ ਬਣਾਈ ਜਾ ਰਹੀ ਹੈ ਤੇ ਭਵਿੱਖ ਵਿਚ ਮੰਡੀ ਤੋਂ ਬਾਹਰ ਜਾਣ ਵਾਲੀਆਂ ਸਬਜ਼ੀਆਂ ਤੇ ਫਲਾਂ ਦਾ ਵੇਰਵਾ ਵੀ ਦਰਜ ਹੋਵੇਗਾ ਤਾਂ ਕਿ ਹਰ ਕੰਮ ਪਾਰਦਰਸ਼ਤਾ ਨਾਲ ਹੋ ਸਕੇ। ਰਿਟੇਲ ਫਲ ਤੇ ਸਬਜ਼ੀ ਮੰਡੀ ਦਾ ਇਕ ਵੱਖ ਗੇਟ ਲਗਾਇਆ ਗਿਆ ਹੈ ਤੇ ਨਾਲ ਹੀ 4.79 ਲੱਖ ਰੁਪਏ ਦੀ ਲਾਗਤ ਨਾਲ ਮੰਡੀ ਅੰਦਰ ਲਾਈਟਾਂ ਦੀ ਮੁਰੰਮਤ ਦਾ ਕੰਮ ਵੀ ਪੂਰਾ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”