Parbans Singh Romana : ਯੂਥ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਪਰਬੰਸ ਸਿੰਘ ਰੋਮਾਣਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਲੱਦਾਖ ਵਿਚ ਚੀਨ ਨਾਲ ਹੋਏ ਖੂਨੀ ਟਕਰਾਅ ਦੌਰਾਨ ਸ਼ਹੀਦ ਹੋਏ ਚਾਰ ਸੈਨਿਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਬੇ ਵਿਚ ਸਿਵਲ ਸਰਵਿਸ ਦੀ ਨੌਕਰੀ ਜਾਂ ਫਿਰ ਪੰਜਾਬ ਪੁਲਿਸ ਵਿਚ ਡੀ ਐਸ ਪੀ ਦੀ ਨੌਕਰੀ ਦੇਣ ਦੀ ਪੇਸ਼ਕਸ਼ ਕਰਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਮੌਕੇ ‘ਤੇ ਅੱਗੇ ਆਉਣਗੇ ਤੇ ਅਜਿਹੀ ਉਦਾਹਰਣ ਪੇਸ਼ ਕਰਨਗੇ ਜਿਸ ‘ਤੇ ਸਾਰਾ ਦੇਸ਼ ਚੱਲੇਗਾ। ਉਨ੍ਹਾਂ ਕਿਹਾ ਕਿ ਇਹੀ ਚਾਰਾਂ ਸੈਨਿਕਾਂ ਨਾਇਬ ਸੂਬੇਦਾਰ ਮਨਦੀਪ ਸਿੰਘ ਤੇ ਸਤਨਾਮ ਸਿੰਘ ਅਤੇ ਦੋਵੇਂ ਸਿਪਾਹੀ ਗੁਰਬਿੰਦਰ ਸਿੰਘ ਤੇ ਗੁਰਤੇਜ ਸਿੰਘ ਵੱਲੋਂ ਆਪਣੀ ਧਰਤੀ ਮਾਂ ਲਈ ਦਿੱਤੀ ਵਿਲੱਖਣ ਕੁਰਬਾਨੀ ਦੀ ਸਭ ਤੋਂ ਵੱਡੀ ਮਾਨਤਾ ਹੋਵੇਗੀ। ਉਨ੍ਹਾਂ ਕਿਹਾ ਕਿ ਚਾਰਾਂ ਦਲੇਰ ਸੈਨਿਕਾਂ ਨੇ ਆਪਣੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਵਾਰੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਫੌਜੀਆਂ ਲਈ ਸਪਸ਼ਟ ਸੰਦੇਸ਼ ਭੇਜਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਦਾ ਸੂਬਾ ਉਨ੍ਹਾਂ ਦੇ ਨਾਲ ਹੈ ਤੇ ਉਨ੍ਹਾਂ ਦਾ ਸਰਵਉਚ ਸੰਭਵ ਸਤਿਕਾਰ ਕਰਦਾ ਹੈ।
ਸ਼੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਗਲਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਵੱਧ ਉਮਰ ਦੇ ਪੋਤੇ ਨੂੰ ਡੀ ਐਸ ਪੀ ਲਗਾਉਣ ਨਾਲ ਨੌਜਵਾਨਾਂ ਵਿਚ ਗਲਤ ਸੰਦੇਸ਼ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ, ਜਿਹਨਾਂ ਦਾ ਇਹ ਸਨਮਾਨ ਲਈ ਸਭ ਤੋਂ ਵੱਡਾ ਹੱਕ ਬਣਦਾ ਹੈ, ਨੂੰ ਡੀ ਐਸ ਪੀ ਦੀ ਨੌਕਰੀ ਦੇ ਕੇ ਇਸ ਗਲਤੀ ਦੀ ਦਰੁਸਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੇ ਹੱਕ ਵਿਚ ਇਸ ਕਦਮ ਦੀ ਹਮਾਇਤ ਕਰਨ ਲਈ ਵਚਨਬੱਧ ਹੈ।