Patiala and Amritsar : ਕੋਰੋਨਾ ਨੇ ਪੂਰੀ ਦੁਨੀਆ ਵਿਚ ਕੋਹਰਾਮ ਮਚਾਇਆ ਹੋਇਆ ਹੈ। ਹੁਣ ਡਾਕਟਰ ਵੀ ਕੋਰੋਨਾ ਦੇ ਪ੍ਰਕੋਪ ਤੋਂ ਆਪਣੇ ਆਪ ਨੂੰ ਬਚਾ ਨਹੀਂ ਪਾ ਰਹੇ ਹਨ। ਅੰਮ੍ਰਿਤਸਰ ਵਿਖੇ ਪੈਥੋਲਾਜੀ ਵਿਭਾਗ ਵਿਚ ਗਰਭਵਤੀ ਮਹਿਲਾ ਡਾਕਟਰ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਉਨ੍ਹਾਂ ਨੂੰ ਇਲਾਜ ਲਈ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਕ ਅਸਿਸਟੈਂਟ ਡਾਕਟਰ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਸੀ। ਅੰਮ੍ਰਿਤਸਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 469 ਹੋ ਗਈ ਹੈ, ਇਹ ਅੰਕੜਾ ਸੂਬੇ ਵਿਚ ਸਭ ਤੋਂ ਵਧ ਹੈ ਤੇ ਇਸ ਮਹਾਮਾਰੀ ਨਾਲ ਜਿਲ੍ਹੇ ਵਿਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਜਿਲ੍ਹਾ ਪਟਿਆਲਾ ਵਿਚ ਵੀ 7 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਟਿਆਲਾ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 137 ਤਕ ਪੁੱਜ ਗਈ ਹੈ। ਇਹ ਜਾਣਕਾਰੀ ਡਾ. ਹਰੀਸ਼ ਮਲਹੋਤਰਾ ਵਲੋਂ ਦਿੱਤੀ ਗਈ।
ਸਿਵਲ ਸਰਜਨ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਿਲ੍ਹੇ ਵਿਚ 7763 ਵਿਅਕਤੀਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 6895 ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 868 ਦੀ ਰਿਪੋਰਟ ਅਜੇ ਪੈਂਡਿੰਗ ਹੈ। ਜਾਣਕਾਰੀ ਦਿੰਦਿਆਂ ਡਾ. ਮਲਹੋਤਰਾ ਨੇ ਦੱਸਿਆ ਕਿ 7 ਕੇਸਾਂ ਵਿਚੋਂ 6 ਰਾਜਪੁਰਾ ਦੇ ਹਨ ਅਤੇ ਇਕ ਕੇਸ ਪਾਤੜਾਂ ਦਾ ਹੈ। ਰਾਜਪੁਰਾ ਵਿਖੇ ਭਾਈ ਮਤੀ ਦਾਸ ਗੁਰਦੁਆਰਾ ਸਾਹਿਬ ਵਿਖੇ ਰਹਿਣ ਵਾਲੇ ਇਕੋ ਪਰਿਵਾਰ ਦੇ 5 ਮੈਂਬਰ ਕੋਰੋਨਾ ਪਾਜੀਟਿਵ ਪਾਏ ਗਏ। ਇਹ ਸਾਰੇ ਬੀਤੇ ਦਿਨੀਂ ਹੀ ਦਿੱਲੀ ਤੋਂ ਵਾਪਸ ਪਰਤੇ ਸਨ। ਇਨ੍ਹਾਂ ਤੋਂ ਇਲਾਵਾ 42 ਸਾਲਾ ਵਿਅਕਤੀ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਆਈ ਹੈ ਤੇ ਇਕ ਹੋਰ ਕੋਰੋਨਾ ਪਾਜੀਟਿਵ ਬਲਾਕ ਪਾਤੜਾਂ ਦੇ ਪਿੰਡ ਸ਼ੇਰਗੜ੍ਹ ਦਾ ਰਹਿਮ ਵਾਲਾ ਹੈ। ਪਟਿਆਲਾ ਵਿਖੇ 113 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਹੁਣ ਪਟਿਆਲਾ ਵਿਖੇ ਕੋਰੋਨਾ ਦੇ ਐਕਟਿਵ ਕੇਸ 22 ਹਨ।
ਲੌਕਡਾਊਨ ਵਿਚ ਦਿੱਤੀ ਢਿੱਲ ਦਾ ਨਤੀਜਾ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧਣਾ ਹੈ। ਇਹ ਢਿੱਲ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਤੀ ਗਈ ਸੀ ਪਰ ਸੂਬੇ ਦੇ ਲੋਕਾਂ ਵਲੋਂ ਇਸ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਇਸ ਵਾਇਰਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਵਾਇਰਸ ਦੇ ਵਧਦੇ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।