Patients are being : ਜਲੰਧਰ : ਪੰਜਾਬ ਦੇ ਸਿਹਤ ਵਿਭਾਗ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਕਿ ਕੋਰੋਨਾ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਨਹੀਂ ਹੈ। ਸਗੋਂ ਹਸਪਤਾਲ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਬਿਸਤਰ ਖਾਲੀ ਪਏ ਹਨ ਪਰ ਹਕੀਕਤ ਇਸ ਤੋਂ ਕਾਫੀ ਵੱਖਰੀ ਹੈ। ਬਿਨਾਂ ਲੱਛਣ ਵਾਲੇ ਮਰੀਜ਼ ਤਾਂ ਖੁਦ ਹੀ ਹਸਪਤਾਲ ਨਹੀਂ ਜਾਣਾ ਚਾਹੁੰਦੇ ਪਰ ਅਜਿਹੇ ਮਰੀਜ਼ ਜੋ ਹੋਰ ਬੀਮਾਰੀਆਂ ਤੋਂ ਵੀ ਪੀੜਤ ਹਨ ਅਤੇ ਹਸਪਤਾਲ ‘ਚ ਇਲਾਜ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਬੈੱਡ ਨਹੀਂ ਮਿਲ ਰਹੇ। ਲੋਕ ਬੈੱਡ ਲੈਣ ਲਈ ਸਿਫਾਰਸ਼ਾਂ ਲਗਵਾ ਰਹੇ ਹਨ। ਉਨ੍ਹਾਂ ਨੂੰ ਇੱਧਰ-ਉਧਰ ਭਟਕਣਾ ਪੈ ਰਿਹਾ ਹੈ। ਇਸ ਨਾਲ ਗੰਭੀਰ ਮਰੀਜ਼ ਵੀ ਹੋਮ ਆਈਸੋਲੇਟ ਹੋਣ ਲਈ ਮਜਬੂਰ ਹਨ।
ਇਸ ਤਰ੍ਹਾਂ ਦੇ ਹਾਲਾਤ ਇਸ ਲਈ ਬਣ ਗਏ ਹਨ ਕਿਉਂਕਿ ਲੋਕ ਸਿਵਲ ਹਸਪਤਾਲਾਂ ਦੀ ਬਜਾਏ ਡੀ. ਐੱਮ. ਸੀ., ਸੀ. ਐੱਮ. ਸੀ., ਮੈਡੀਕਲ ਕਾਲਜਾਂ ਤੇ ਹੋਰ ਨਿੱਜੀ ਹਸਪਤਾਲਾਂ ‘ਚ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸਿਵਲ ਹਸਪਤਾਲ ਵਿੱਚ ਉਨ੍ਹਾਂ ਦੀ ਸਹੀ ਤਰ੍ਹਾਂ ਦੇਖਭਾਲ ਨਹੀਂ ਹੋ ਪਾਏਗੀ। ਉਥੇ ਸਰਕਾਰੀ ਹਸਪਤਾਲਾਂ ਦਾ ਕਹਿਣਾ ਹੈ ਕਿ ਹੋਮ ਆਈਸੋਲੇਸ਼ਨ ਸ਼ੁਰੂ ਹੋਣ ਤੋਂ ਬਾਅਦ ਬਿਨਾਂ ਲੱਛਣ ਵਾਲੇ ਮਰੀਜ਼ ਘਰ ‘ਤੇ ਹੀ ਇਲਾਜ ਨੂੰ ਪਹਿਲ ਦੇ ਰਹੇ ਹਨ। ਇਸ ਲਈ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਉਪਲਬਧਤਾ ਵੱਧ ਗਈ ਹੈ ਪਰ ਜੋ ਲੋਕ ਹੋਮ ਆਈਸੋਲੇਟ ਹਨ ਉਨ੍ਹਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ।
ਬਠਿੰਡਾ ਵਿਖੇ ਵੀ ਇੱਕ ਹਫਤੇ ਪਹਿਲਾਂ ਸਿਹਤ ਵਿਭਾਗ ਨੇ ਨਿੱਜੀ ਹਸਪਤਾਲਾਂ ਨੂੰ ਬੈੱਡ ਉਪਲਬਧ ਕਰਵਾਉਣ ਲਈ ਰਿਮਾਈਂਡਰ ਭੇਜਿਆ ਤਾਂ ਉਨ੍ਹਾਂ ਨੇ 10 ਦਿਨ ਦਾ ਸਮਾਂ ਮੰਗ ਲਿਆ ਹੁਣ 10 ਦਿਨਾਂ ਦੇ ਬਾਅਦ ਵੀ ਨਿੱਜੀ ਹਸਪਤਾਲ ਮਰੀਜ਼ਾਂ ਨੂੰ ਭਰਤੀ ਕਰਨ ‘ਚ ਦਿਲਚਸਪੀ ਨਹੀਂ ਦਿਖਾ ਰਹੇ। ਕੁਝ ਹਸਪਤਾਲਾਂ ਦੀ ਵੈੱਬਸਾਈਟ ਤੇ ਐੱਪ ‘ਤੇ ਤਾਂ ਬੈੱਡ ਖਾਲੀ ਦਿਖਾਏ ਜਾ ਰਹੇ ਹਨ ਪਰ ਅਪਲਾਈ ਕਰਨ ‘ਤੇ ਹਸਪਤਾਲ ਪ੍ਰਬੰਧਨ ਇਨਕਾਰ ਕਰ ਰਹੇ ਹਨ। ਪੰਜਾਬ ਸਰਕਾਰ ਦੀ ਹੈਲਪਲਾਈਨ 104 ‘ਤੇ 27 ਅਗਸਤ ਨੂੰ ਦੁਪਹਿਰ 3 ਵਜੇ ‘ਤੇ 28 ਅਗਸਤ ਨੂੰ ਰਾਤ 8 ਵਜੇ ਫੋਨ ਕੀਤਾ ਗਿਆ ਪਰ ਫੋਨ ਨਹੀਂ ਮਿਲਿਆ। 28 ਅਗਸਤ ਨੂੰ ਕਾਫੀ ਕੋਸ਼ਿਸ਼ਾਂ ਦੇ ਬਾਅਦ ਫੋਨ ਉਠਾਇਆ। ਉਹ ਐਪ ‘ਤੇ ਬੈੱਡ ਦੀ ਜਾਣਕਾਰੀ ਅਪਡੇਟ ਨਾ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੇ। ਇਸ ਤਰ੍ਹਾਂ ਬੈੱਡਾਂ ਦੀ ਉਪਲਬਧਤਾ ਬਾਰੇ ਮਰੀਜ਼ਾਂ ਨੂੰ ਹਸਪਤਾਲ ਪ੍ਰਬੰਧਕਾਂ ਵਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ।