Punjab Police will take strict : ਚੰਡੀਗੜ੍ਹ: ਪੁਲਿਸ ਮਹਿਕਮੇ ਵਿਚ ਕੁਝ ਕੁ ਭ੍ਰਿਸ਼ਟ ਮੁਲਾਜ਼ਮਾਂ ਕਰਕੇ ਪੂਰੇ ਪੁਲਿਸ ਵਿਭਾਗ ਦਾ ਅਕਸ ਆਮ ਜਨਤਾ ਵਿਚ ਖਰਾਬ ਹੋ ਜਾਂਦਾ ਹੈ ਤੇ ਹੁਣ ਪੁਲਿਸ ਮਹਿਕਮੇ ਨੇ ਆਪਣੀ ਅਜਿਹੀ ਇਮੇਜ ਨੂੰ ਠੀਕ ਕਰਨ ਦੀ ਦਿਸ਼ਾ ਵਿਚ ਕਦਮ ਵਧਾਉਣਾ ਸ਼ੁਰੂ ਕੀਤਾ ਹੈ, ਜਿਸ ਅਧੀਨ ਭ੍ਰਿਸ਼ਟ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਕਾਰਿਆਂ ਲਈ ਵੱਡਾ ਹਰਜਾਨਾ ਭੁਗਤਨਾ ਪੈ ਸਕਦਾ ਹੈ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਅਫ਼ਸਰਾਂ ਤੇ ਭ੍ਰਿਸ਼ਟਾਚਾਰ, ਫਿਰੌਤੀ ਤੇ ਤਸਕਰੀ ਦੇ ਮਾਮਲੇ ‘ਚ 3,487 ਕੇਸ ਦਰਜ ਹਨ। ਹੁਣ ਵਿਭਾਗ ਵਿਸ਼ੇਸ਼ ਪਾਲਿਸੀ ਤਹਿਤ ਇਨ੍ਹਾਂ ਖਿਲਾਫ ਐਕਸ਼ਨ ਲਵੇਗਾ। ਇਸ ਬਾਰੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਚੰਗਾ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜਦਕਿ ਗਲਤ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਹੋਵੇਗੀ, ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਅਜਿਹੇ ਅਧਿਕਾਰੀ ਤੇ ਮੁਲਾਜ਼ਮ ਜਿਨ੍ਹਾਂ ਖਿਲਾਫ਼ ਉਪਰੋਕਤ ‘ਚੋਂ ਕੋਈ ਵੀ ਸ਼ਿਕਾਇਤ ਸਹੀ ਪਾਈ ਗਈ, ਨੂੰ ਵਿਭਾਗ ਵੱਲੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ।
ਇਸ ਦੇ ਲਈ ਪੁਲਿਸ ਵਿਭਾਗ ਵੱਲੋਂ ਇਕ ਖ਼ਾਸ ਪਾਲਿਸੀ ਬਣਾਈ ਜਾ ਰਹੀ ਹੈ, ਜਿਸ ਵਿਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਅਜਿਹੇ ਦਾਗੀ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦਾ ਡਾਟਾ ਇਕੱਠਾ ਕੀਤਾ ਗਿਆ ਹੈ। ਅਜਿਹੀ ਕਾਰਵਾਈ ਕਰਨ ਨਾਲ ਪੁਲਿਸ ਮੁਲਾਜ਼ਮ ਅੱਗੇ ਤੋਂ ਅਜਿਹੀ ਕਿਸੇ ਸਰਗਰਮੀ ‘ਚ ਸ਼ਾਮਲ ਹੋਣ ਤੋਂ ਪਹਿਲਾਂ ਸੌ ਵਾਰੀ ਸੋਚਣਗੇ। ਇਸ ਦੇ ਨਾਲ ਹੀ ਆਮ ਲੋਕਾਂ ਵਿਚ ਵੀ ਪੁਲਿਸ ਦੀ ਜਿਹੜੀ ਇਮੇਜ ਬਣੀ ਹੋਈ ਹੈ, ਉਹ ਠੀਕ ਹੋਵੇਗੀ ਤੇ ਲੋਕਾਂ ਦਾ ਇਸ ਮਹਿਕਮੇ ਵਿਚ ਵਿਸ਼ਵਾਸ ਬਣੇਗਾ। ਪੁਲਿਸ ਵਿਭਾਗ ‘ਚ ਨਵੀਂ ਪਾਲਿਸੀ ਤਹਿਤ ਹੁਣ ਕੁਝ ਖ਼ਾਸ ਕਰਨ ਵਾਲੇ ਨੂੰ ਇੱਕ ਰੈਂਕ ਅਪ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੂੰ ਆਊਟ ਆਫ਼ ਟਰਨ ਤਰੱਕੀ ਮਿਲ ਸਕੇਗੀ।