Puppet in the : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੋਰੋਨਾ ਸੰਕਟ ਨੂੰ ਗਲਤ ਤਰੀਕੇ ਨਜਿੱਠਣ ਖਿਲਾਫ ਇਕ ਸ਼ਬਦ ਵੀ ਕਿਉਂ ਨਹੀਂ ਬੋਲਿਆ ਤੇ ਪਾਰਟੀ ਨੇ ਉਨ੍ਹਾਂ ‘ਤੇ ਦਿੱਲੀ ਸਰਕਾਰ ਵੱਲੋਂ ਅੰਕੜਿਆਂ ਦਾ ਹੇਰ ਫੇਰ ਕਰਨ ਤੇ ਅਸਫਲਤਾਵਾਂ ‘ਤੇ ਪਰਦਾ ਪਾਉਣ ਦੀ ਸਾਜ਼ਿਸ਼ ਵਿਚ ਭਾਈਵਾਲ ਹੋਣ ਦਾ ਦੋਸ਼ ਲਾਇਆ। ਅਕਾਲੀ ਦਲ ਨੇ ਆਪ ਦੇ ਪੰਜਾਬ ਕਨਵੀਨਰ ਨੂੰ ਉਨ੍ਹਾਂ ਨੂੰ ਆਪਣੀ ਆਵਾਜ਼ ਬੁਲੰਦ ਕਰ ਕੇ ਦਿੱਲੀ ਸਰਕਾਰ ਨੂੰ ਦਰੁਸਤੀ ਭਰੇ ਕਦਮ ਚੁੱਕਣ ਲਈ ਮਜਬੂਰ ਕਰਨ ਜਾਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਵੀ ਆਖਿਆ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਮਈ ਮਹੀਨੇ ਦੇ ਸ਼ੁਰੂ ਵਿਚ ਹੀ ਕੋਰੋਨਾ ਪੀੜਤਾਂ ਤੇ ਇਸ ਨਾਲ ਮੌਤਾਂ ਬਾਰੇ ਅੰਕੜਿਆਂ ਬਾਰੇ ਹੇਰ ਫੇਰ ਕਰਨਾ ਸ਼ੁਰੂ ਕਰ ਦਿੱਤਾ ਸੀ। ਕੋਰੋਨਾ ਨਾਲ ਹੋਈਆਂ ਮੌਤਾਂ ਦਾ ਸ਼ਮਸ਼ਾਨ ਘਾਟ ਤੇ ਕਬਰਿਸਤਾਨ ਅਤੇ ਦਿੱਲੀ ਸਰਕਾਰ ਦੇ ਸਰਕਾਰੀ ਅੰਕੜੇ ਇਸ ਮਾਮਲੇ ਵਿਚ ਮੇਲ ਨਹੀਂ ਖਾ ਰਹੇ। ਇਹ ਉਹ ਸਮਾਂ ਸੀ ਜਦੋਂ ਭਗਵੰਤ ਮਾਨ ਕੇਜਰੀਵਾਲ ਦੀ ਕਠਪੁਤਲੀ ਵਾਂਗ ਵਿਹਾਰ ਕਰ ਰਹੇ ਸਨ ਤੇ ਦਿੱਲੀ ਮਾਡਲ ਦੀ ਗੱਲ ਕਰ ਕੇ ਤੇ ਇਸ ਮਾਡਲ ਵੱਲੋਂ ਕੋਰੋਨਾ ਦੇ ਦਿੱਲੀ ਵਿਚ ਪਸਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿਚ ਸਫਲ ਰਹਿਣ ਦੀਆਂ ਗੱਲਾਂ ਕਰ ਕੇ ਕੇਜਰੀਵਾਲ ਦੀ ਅਸਿੱਧੇ ਤਰੀਕੇ ਮਦਦ ਕਰ ਰਹੇ ਸਨ। ਉਹਨਾਂ ਕਿਹਾ ਕਿ ਹੁਣ ਅਸੀਂ ਜਾਣਦੇ ਹਾਂ ਕਿ ਇਹ ਦਾਅਵੇ ਜਾਣ ਬੁੱਝ ਕੇ ਲੋਕਾਂ ਨੂੰ ਮੂਰਖ ਬਣਾਉਣ ਲਈ ਬੋਲੇ ਗਏ ਝੂਠ ਸਨ ਜਦਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਵਿਚ ਕੋਰੋਨਾ ਮਰੀਜ਼ਾਂ ਨਾਲ ਪਸ਼ੂਆਂ ਨਾਲ ਵੀ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਸਿਹਤ ਸੰਭਾਲ ਮਾਡਲ ਦੀ ਮੀਡੀਆ ਤੇ ਆਮ ਲੋਕਾਂ ਵੱਲੋਂ ਅਸਲੀਅਤ ਬੇਨਕਾਬ ਕਰਨ ਦੇ ਬਾਵਜੂਦ ਮਾਨ ਹਾਲੇ ਵੀ ਕੇਜਰੀਵਾਲ ਦੀਆਂ ਅਸਫਲਤਾਵਾਂ ‘ਤੇ ਪਰਦਾ ਪਾਉਣ ਲਈ ਬਲੀ ਦੇ ਬਕਰੇ ਲੱਭ ਰਹੇ ਹਨ।
ਡਾ. ਚੀਮਾ ਨੇ ਕਿਹਾ ਕਿ ਲੌਕਡਾਊਨ ਦਾ ਅਸਲ ਮਨੋਰਥ ਕੋਰੋਨਾ ਮਰੀਜ਼ਾਂ ਦੀ ਸੰਭਾਲ ਲਈ ਲੋੜੀਂਦਾ ਮੈਡੀਕਲ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ ਹਸਪਤਾਲਾਂ ਵਿਚ ਬੁਨਿਆਦੀ ਢਾਚੇ ਵਿਚ ਸੁਧਾਰ ਨਹੀਂ ਕੀਤਾ ਤੇ ਨਾ ਹੀ ਕੋਰੋਨਾ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਕੀਤਾ। ਉਹਨਾਂ ਕਿਹਾ ਕਿ ਹੁਣ ਇਹ ਪ੍ਰਾਈਵੇਟ ਹਸਪਤਾਲਾਂ ਵਿਚ ਬਲੀ ਦੇ ਬਕਰੇ ਲੱਭ ਰਹੀ ਹੈ ਭਾਵੇਂ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਵਾਪਸ ਭੇਜਣ ਜਾਂ ਉਹਨਾਂ ਤੋਂ ਵੱਧ ਫੀਸਾਂ ਵਸੂਲਣ ਲਈ ਦਿੱਲੀ ਸਰਕਾਰ ਹੀ ਜ਼ਿੰਮੇਵਾਰ ਹੈ। ਅਕਾਲੀ ਦਲ ਆਗੂ ਨੇ ਭਗਵੰਤ ਮਾਨ ਨੂੰ ਇਹ ਵੀ ਆਖਿਆ ਕਿ ਉਹ ਇਹ ਵੀ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਦਿੱਲੀ ਸਰਕਾਰ ਵੱਲੋਂ ਦਿੱਲੀ ਵਿਚ ਬਾਹਰਲਿਆਂ ਦਾ ਇਲਾਜ ਨਾ ਕੀਤੇ ਜਾਣ ਦੇ ਜਾਰੀ ਕੀਤੇ ਹੁਕਮ ਦੀ ਨਿਖੇਧੀ ਕਿਉਂ ਨਹੀਂ ਕੀਤੀ ? ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਵਿਰੋਧੀ ਸੀ ਤੇ ਦਿੱਲੀ ਵਿਚਲੇ ਪੰਜਾਬੀਆਂ ਨੂੰ ਇਲਾਜ ਤੋਂ ਇਨਕਾਰ ਕਰ ਦਿੱਤਾ ਜਾਂਦਾ ਜੇਕਰ ਉਪ ਰਾਜਪਾਲ ਇਸ ਫੈਸਲੇ ਨੂੰ ਨਾ ਪਲਟਦੇ। ਉਨ੍ਹਾਂ ਕਿਹਾ ਕਿ ਜਿਥੇ ਇਸ ਨਾਲ ਮਾਨ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਹੋਇਆ ਹੈ, ਉਥੇ ਹੀ ਇਹ ਵੀ ਸਾਬਤ ਹੋਇਆ ਹੈ ਕਿ ਉਹ ਦਿੱਲੀ ਦੀ ਆਪ ਲੀਡਰਸ਼ਿਪ ਦੇ ਹੱਥਾਂ ਵਿਚ ਕੇਵਲ ਕਠਪੁਤਲੀ ਹਨ।