Ration to be : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਰਾਸ਼ਨ ਕੇਂਦਰ ਵਲੋਂ ਪੰਜਾਬ ਦੇ ਲੋਕਾਂ ਲਈ ਭੇਜਿਆ ਗਿਆ ਹੈ, ਉਸ ਦੀ ਵੰਡ ਜਲਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਪੰਜਾਬ ਦੇ ਹਰੇਕ ਵਿਅਕਤੀ ਲਈ 5 ਕਿਲੋ ਕਣਕ ਅਤੇ ਇਕ ਕਿਲੋ ਦਾਲ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਦਿਵਿਆਂਗ ਲੋਕਾਂ ਨੂੰ ਵੀ ਰਾਸ਼ਨ ਦਿੱਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਅਪ੍ਰੈਲ ਤੋਂ ਨਵੰਬਰ ਮਹੀਨੇ ਤਕ ਦਾ ਮੁਫਤ ਰਾਸ਼ਨ ਭੇਜਿਆ ਗਿਆ ਹੈ। ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਲੋਕਾਂ ਵਿਚ ਰਾਸ਼ਨ ਵੰਡਣ ਤਾਂ ਜੋ ਲੌਕਡਾਊਨ ਕਾਰਨ ਉਨ੍ਹਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਹੱਲ ਕੀਤਾ ਜਾ ਸਕੇ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਗੱਲ ਦੀ ਮੰਗ ਕਰ ਚੁੱਕੇ ਹਨ ਕਿ ਕੇਂਦਰ ਵਲੋਂ ਦਿੱਤੇ ਜਾ ਰਹੇ ਰਾਸ਼ਨ ਨੂੰ ਗਰੀਬਾਂ ਤੇ ਲੋੜਵੰਦ ਲੋਕਾਂ ਤਕ ਪੁੱਜਦਾ ਕੀਤਾ ਜਾਵੇ ਪਰ ਕੈਪਟਨ ਵਲੋਂ ਸਿਰਫ ਆਪਣੇ ਚਹੇਤਿਆਂ ਨੂੰ ਹੀ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਗਰੀਬ ਵਰਗ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਰਾਸ਼ਨ ਕਾਰਡ ਦੇ ਆਧਾਰ ‘ਤੇ ਹਰੇਕ ਵਿਅਕਤੀ ਨੂੰ ਰਾਸ਼ਨ ਦਿੱਤਾ ਜਾਣਾ ਚਾਹੀਦਾ ਹੈ ਤੇ ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹਨ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਹੀ ਉਨ੍ਹਾਂ ਦਾ ਰਾਸ਼ਨ ਕਾਰਡ ਬਣਵਾ ਕੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਗਰੀਬ ਲੋਕਾਂ ‘ਤੇ ਬਿਜਲੀ ਦੇ ਬਿੱਲਾਂ, ਬੱਚਿਆਂ ਦੀ ਫੀਸਾਂ ਦਾ ਬਹੁਤ ਬੋਝ ਹੈ। ਇਸ ਲਈ ਸਰਕਾਰ ਨੂੰ ਖੁਦ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਬੀਬਾ ਬਾਦਲ ਨੇ ਮੁੱਖ ਮੰਤਰੀ ਦਾ ਧਿਆਨ ਕੋਵਿਡ ਹਾਲਾਤਾਂ ਵਲ ਵੀ ਦਿਵਾਇਆ ਅਤੇ ਕਿਹਾ ਕਿ ਇਥੇ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਪੂਰੀਆਂ ਨਹੀਂ ਮਿਲ ਰਹੀਆਂ ਤੇ ਨਾ ਹੀ ਖਾਣ ਨੂੰ ਕੁਝ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਦੁਕਾਨਾਂ ਨੂੰ 6.30 ਵਜੇ ਬੰਦ ਕਰਨ ਦੇ ਸਖਤ ਆਦੇਸ਼ ਦਿੱਤੇ ਗਏ ਹਨ ਜਦਕਿ ਸ਼ਰਾਬ ਦੇ ਠੇਕੇ ਦੇਰ ਰਾਤ ਤਕ ਖੁੱਲ੍ਹੇ ਰਹਿੰਦੇ ਹਨ ਜਿਸ ਦੀ ਲੋਕਾਂ ਵਲੋਂ ਵੀ ਕਾਫੀ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਇਸ ਲਈ ਕੈਪਟਨ ਸਾਹਿਬ ਨੂੰ ਜਲਦ ਇਨ੍ਹਾਂ ਸਾਰੀਆਂ ਗੱਲਾਂ ‘ਤੇ ਗੌਰ ਕਰਕੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।