Rising petrol and diesel : ਸੂਬਾ ਸਰਕਾਰ ਨੇ ਅੱਧੀ ਰਾਤ ਤੋਂ ਪ੍ਰਭਾਵੀ ਪੈਟਰੋਲ ਅਤੇ ਡੀਜ਼ਲ ‘ਤੇ ਵੈਲਿਊ ਏਡਿਡ ਟੈਕਸ (ਵੈਟ) ਵਧਾ ਦਿੱਤਾ। ਇਸ ਨਾਲ ਪੈਟਰੋਲ ਦੀ ਕੀਮਤ ਵਿਚ 1- 1.20 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 0.53 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਵੇਗਾ। ਪੈਟਰੋਲ ‘ਤੇ ਵੈਟ 23.30 ਫ਼ੀਸਦੀ ਤੋਂ ਵਧਾ ਕੇ 26.43 ਫ਼ੀਸਦੀ ਅਤੇ ਡੀਜ਼ਲ ਦੀ 15.15 ਫ਼ੀਸਦੀ ਤੋਂ ਵਧਾ ਕੇ 15.98 ਫ਼ੀ ਸਦੀ ਕੀਤਾ ਗਿਆ ਹੈ। ਇਸ ਸਬੰਧੀ ਇਕ ਨੋਟੀਫਿਕੇਸ਼ਨ ਅੱਜ ਦੇਰ ਰਾਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ। ਸੂਬੇ ਵਿਚ ਕੋਵਿਡ-19 ਕਾਰਨ ਹੋਈ ਤਾਲਾਬੰਦੀ ਕਰਕੇ ਘਟ ਰਹੇ ਮਾਲੀਆ ਉਗਰਾਹਾਂ ਨੂੰ ਵਧਾਉਣ ਲਈ ਸਰਕਾਰ ਵਲੋਂ ਇਹ ਕਦਮ ਚੁੱਕਿਆ ਗਿਆ। ਟੈਕਸਾਂ ਦੇ ਵਿੱਤ ਕਮਿਸ਼ਨਰ ਏ ਵੇਨੂ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਵਿਚ ਪੈਟਰੋਲ ਦੀ ਸਾਲਾਨਾ ਵਿਕਰੀ 120 ਕਰੋੜ ਲੀਟਰ ਅਤੇ ਡੀਜ਼ਲ ਦੀ 400 ਕਰੋੜ ਲੀਟਰ ਹੈ। ਰਾਜ ਨੂੰ ਬਾਲਣ ‘ਤੇ ਵੈਟ ਵਜੋਂ ਸਾਲਾਨਾ 4,000 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ। ਪਿਛਲੇ ਸਾਲ ਫਰਵਰੀ ਵਿਚ ਸਰਕਾਰ ਨੇ ਪੈਟਰੋਲ ਦੀ ਕੀਮਤ ਵਿਚ 5 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਇਹ ਉਮੀਦ ਵਿੱਚ ਕੀਤੀ ਗਈ ਸੀ ਕਿ ਇਸ ਨਾਲ ਪ੍ਰਚੂਨ ਬਾਲਣ ਦੀ ਵਿਕਰੀ ਦੀ ਮਾਤਰਾ ਵਿੱਚ ਵਾਧਾ ਹੋਵੇਗਾ।
ਹਾਲਾਂਕਿ, ਸਰਕਾਰੀ ਸੂਤਰਾਂ ਦੇ ਅਨੁਸਾਰ, ਇਸ ਨੇ ਵਿਕਰੀ ਦੀ ਮਾਤਾਰ ਵਿਚ ਕੋਈ ਵਾਧਾ ਨਹੀਂ ਹੋਇਆ ਤੇ ਸੂਬੇ ਨੂੰ ਮਾਲੀਏ ਵਿਚ 800 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਬੁਲਾਰੇ ਗੁਰਮੀਤ ਮੌਂਟੀ ਸਹਿਗਲ ਨੇ ਕਿਹਾ ਕਿ ਇਸ ਕਦਮ ਨਾਲ ਕਾਰੋਬਾਰ ਗੁਆਂਢੀ ਰਾਜਾਂ ਵਿੱਚ ਤਬਦੀਲ ਹੋ ਜਾਵੇਗਾ ਅਤੇ ਬਾਲਣ ਦੀ ਤਸਕਰੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਵਾਹਨਾਂ ਦੀ ਵਿਕਰੀ ਨੂੰ ਵੀ ਠੱਲ ਪਏਗੀ।