Strongly condemns issuing : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਕਾਂਗਰਸ ਸਰਕਾਰ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਨੂੰ ਦਬਾਉਣ ਲਈ ਪੱਬਾਂ ਭਾਰ ਹੋਈ ਪਈ ਹੈ ਜਦਕਿ ਉਹ ਡਿਸਟੀਲਰੀਆਂ ਦੇ ਮਾਲਕਾਂ ਤੇ ਉਨ੍ਹਾਂ ਕਾਂਗਰਸੀਆਂ ਖਿਲਾਫ ਕਾਰਵਾਈ ਵੀ ਕਰਨ ਵਿਚ ਅਸਫਲ ਰਹੀ ਹੈ ਜੋ ਸ਼ਰਾਬ ਦੀ ਸਮਗਲਿੰਗ ਕਰ ਰਹੇ ਹਨ ਤੇ ਨਜਾਇਜ਼ ਸ਼ਰਾਬ ਬਣਾ ਤੇ ਬੋਟਲਿੰਗ ਕਰ ਕੇ ਵੇਚ ਰਹੇ ਹਨ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ‘ਤੇ ਬਿਲਕੁਲ ਚੁੱਪ ਬੈਠੀ ਹੈ ਤੇ ਹੁਣ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਦੇ ਪਰਿਵਾਰ ਦੀ ਮਲਕੀਅਤ ਵਾਲੀ ਡਿਸਟੀਲਰੀ ਤੇ ਦੋ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਕੰਬੋਜ ਦੇ ਨਜ਼ਦੀਕੀਆਂ ਵੱਲੋਂ ਚਲਾਈ ਜਾ ਰਹੀ ਨਜਾਇਜ਼ ਡਿਸਟੀਲਰੀ ਕਮ ਬੋਟਲਿੰਗ ਪਲਾਂਟ ਨਾਲ ਸਬੰਧਤ ਦੋ ਗੰਭੀਰ ਮਾਮਲਿਆਂ ਨੂੰ ਵੀ ਦਬਾਉਣ ਦੇ ਚੱਕਰ ਵਿਚ ਹੈ।
ਡਾ. ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਹਾਲੇ ਤੱਕ ਚੱਢਾ ਡਿਸਟੀਲਰੀ ਦੇ ਨਾਲ ਲੱਗਦੀ ਖੰਡ ਮਿੰਲ ਵਿਚੋਂ ਦੋ ਟਰੱਕ ਸ਼ਰਾਬ ਫੜੇ ਜਾਣ ਦੇ ਮਾਮਲੇ ਵਿਚ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਤੇ ਆਬਕਾਰੀ ਵਿਭਾਗ ਇਕ ਦੂਜੇ ਸਿਰ ਜ਼ਿੰਮੇਵਾਰੀ ਸੁੱਟ ਰਹੇ ਹਨ ਤਾਂ ਕਿ ਕੇਸ ਕਮਜ਼ੋਰ ਕੀਤਾ ਜਾ ਸਕੇ ਅਤੇ ਡਿਸਟੀਲਰੀ ਮੈਨੇਜਮੈਂਟ ਨੂੰ ਬਿਨਾਂ ਨੁਕਸਾਨ ਦੇ ਛੱਡ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰਾਜਪੁਰਾ ਵਿਚ ਫੜੀ ਗਈ ਨਜਾਇਜ਼ ਡਿਸਟੀਲਰੀ ਦੇ ਮਾਮਲੇ ਵਿਚ ਸੂਬਾ ਪੁਲਿਸ ਤੇ ਆਬਕਾਰੀ ਵਿਭਾਗ ਨੇ ਹਾਲੇ ਤੱਕ ਕਾਂਗਰਸੀ ਵਿਧਾਇਕ ਜਲਾਲਪੁਰ ਤੇ ਕੰਬੋਜ ਨੂੰ ਪੁੱਛ ਗਿੱਛ ਵਾਸਤੇ ਨਹੀਂ ਸੱਦਿਆ।
ਅਕਾਲੀ ਨੇਤਾ ਨੇ ਕਿਹਾ ਕਿ ਬਜਾਏ ਕਾਂਗਰਸੀ ਨੇਤਾਵਾਂ ਖਿਲਾਫ ਕਾਰਵਾਈ ਕਰਨ ਤੇ ਆਬਕਾਰੀ ਵਿਭਾਗ ਨੇ ਸੀਨੀਅਰ ਪੱਤਰਕਾਰ ਮਨੀਸ਼ ਸਰਹਿੰਦੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਸ਼ਰਾਬ ਮਾਫੀਆ ਬਾਰੇ ਉਨ੍ਹਾਂ ਕੋਲ ਉਪਲਬਧ ਜਾਣਕਾਰੀ ਦੇ ਸਰੋਤ ਦੱਸਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਇਸੇ ਤਰੀਕੇ ਪੱਤਰਕਾਰ ਜੈ ਸਿੰਘ ਛਿੱਬਰ ਨੂੰ ਧਮਕਾਉਣ ਦਾ ਯਤਨ ਕੀਤਾ ਸੀ ਤੇ ਹੁਣ ਦੂਜੇ ਪੱਤਰਕਾਰਾਂ ਨੂੰ ਵਿਧਾਇਕਾਂ ਤੇ ਉਨ੍ਹਾਂ ਦੇ ਚਹੇਤਿਆਂ ਬਾਰੇ ਲਿਖਣ ‘ਤੇ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰੈਸ ਦੀ ਆਜ਼ਾਦੀ ‘ਤੇ ਇਸ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਾ ਹੈ ਤੇ ਉਹ ਪੱਤਰਕਾਰਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹੋਵੇਗਾ ਤਾਂ ਕਿ ਉਹਨਾਂ ਉਨ੍ਹਾਂ ਨੂੰ ਕਿਸੇ ਤਰੀਕੇ ਕੋਈ ਨੁਕਸਾਨ ਨਾਲ ਪਹੁੰਚਾਇਆ ਜਾ ਸਕੇ।