The former chief : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਸ. ਹਰਚਰਨ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 76 ਸਾਲਾ ਦੇ ਸਨ ਅਤੇ ਉਹ ਚੰਡੀਗੜ੍ਹ ਵਿਖੇ ਰਹਿੰਦੇ ਸਨ। ਅੱਜ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਤੇ ਉਨ੍ਹਾਂ ਨੇ ਦਮ ਤੋੜ ਦਿੱਤਾ। ਸ. ਹਰਚਰਨ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਮੁੱਖ ਸਕੱਤਰ ਸਨ ਪਰ ਉਨ੍ਹਾਂ ਨੂੰ 23 ਮਹੀਨਿਆਂ ਤੋਂ ਬਾਅਦ ਹੀ ਅਸਤੀਫਾ ਦੇਣਾ ਪਿਆ ਸੀ। ਸ. ਹਰਚਰਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਬਣਾਉਣ ਵਿੱਚ ਸ. ਸੁਖਬੀਰ ਸਿੰਘ ਬਾਦਲ ਦੀ ਅਹਿਮ ਭੂਮਿਕਾ ਸੀ।
ਸ. ਹਰਚਰਨ ਸਿੰਘ ਜ਼ਰੂਰਤਮੰਦਾਂ ਦੀ ਬਹੁਤ ਮਦਦ ਕਰਦੇ ਸਨ ਅਤੇ ਉਨ੍ਹਾਂ ਨੇ ਮੁੱਲਾਂਪੁਰ ਵਿਖੇ ਬਜ਼ੁਰਗਾਂ ਲਈ ਅਕਾਲ ਬਿਰਧ ਆਸ਼ਰਮ ਵੀ ਬਣਾਇਆ ਹੋਇਆ ਸੀ। ਸਾਬਕਾ ਬੈਂਕਰ ਸਨ ਤੇ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਜਨਰਲ ਮੈਨੇਜਰ ‘ਚ ਰਹਿ ਚੁੱਕੇ ਸਨ। ਸ. ਹਰਚਰਨ ਸਿੰਘ ਜੁਲਾਈ 2015 ਤੋਂ ਜੁਲਾਈ 20717 ਤਕ ਮੁੱਖ ਸਕੱਤਰ ਦੇ ਅਹੁਦੇ ‘ਤੇ ਰਹੇ ਸਨ ਤੇ ਬਾਅਦ ਵਿੱਚ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਐਡਵੋਕੇਟ ਈਸ਼ਰ ਸਿੰਘ ਦੀ ਅਗਵਾਈ ਵਾਲੀ ਕਮੇਟੀ ਦੀਆਂ ਸਿਫਾਰਸ਼ਾਂ ਦੇ ਮੱਦੇਨਜ਼ਰ ਉਨ੍ਹਾਂ ਲਈ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਸੀ।