ਦ੍ਰਿੜ ਇਰਾਦੇ, ਸਖ਼ਤ ਮਿਹਨਤ ਅਤੇ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਪਿੰਡਾਂ ਦੀਆਂ ਗਲੀਆਂ ਵਿੱਚੋਂ ਨਿਕਲ ਕੇ ਵੀ ਦੇਸ਼ ਦੇ ਸਰਵਉੱਚ ਸਿਖਰਾਂ ਨੂੰ ਛੂਹਿਆ ਜਾ ਸਕਦਾ ਹੈ। ਅਜਿਹਾ ਹੀ ਇਤਿਹਾਸ ਰਚ ਕੇ ਦਿਖਾਇਆ ਹੈ ਸਮਰਾਲਾ ਦੇ ਪਿੰਡ ਨਡੈਲੇ (ਸਿਹਾਲਾ) ਦੀ ਧੀ ਸਿਮਰਨ ਰਾਣੀ ਨੇ, ਜਿਸ ਨੇ ਹਾਲ ਹੀ ਵਿੱਚ ਐਲਾਨੇ ਗਏ ਨੀਟ (NEET) ਦੇ ਨਤੀਜਿਆਂ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਸਿਮਰਨ ਨੇ 720 ਅੰਕਾਂ ਵਿੱਚੋਂ 715 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ 1 ਹਾਸਲ ਕਰਦਿਆਂ ਆਪਣੇ ਮਾਪਿਆਂ, ਪਿੰਡ ਅਤੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਇਤਿਹਾਸਕ ਪ੍ਰਾਪਤੀ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਨ ਰਾਣੀ ਨੇ ਦੱਸਿਆ ਕਿ ਉਸ ਦੇ ਪਿਤਾ ਜਗਦੀਪ ਕੁਮਾਰ ਅਤੇ ਦਾਦਾ ਜੀ ਪੇਸ਼ੇ ਤੋਂ ਕਿਸਾਨ ਹਨ। ਸਿਮਰਨ ਨੇ ਆਪਣੀ 11ਵੀਂ ਅਤੇ 12ਵੀਂ ਦੀ ਪੜ੍ਹਾਈ ਸਰਕਾਰੀ ਸਕੂਲ ਤੋਂ ਪੂਰੀ ਕੀਤੀ। ਉਸ ਨੇ ਦੱਸਿਆ ਕਿ ਦਸਵੀਂ ਜਮਾਤ ਤੋਂ ਬਾਅਦ ਉਸ ਦੇ ਮਾਮੂ ਨੇ ਉਸ ਨੂੰ ਮੈਡੀਕਲ ਲਾਈਨ ਚੁਣਨ ਅਤੇ ਨੀਟ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ ਸੀ।
ਆਪਣੀ ਪੜ੍ਹਾਈ ਦੇ ਸ਼ੈਡਿਊਲ ਬਾਰੇ ਗੱਲ ਕਰਦਿਆਂ ਸਿਮਰਨ ਨੇ ਦੱਸਿਆ ਕਿ ਉਹ ਰੋਜ਼ਾਨਾ 6 ਘੰਟੇ ਆਨਲਾਈਨ ਕਲਾਸਾਂ ਲਗਾਉਣ ਤੋਂ ਬਾਅਦ 12-13 ਘੰਟੇ ਖੁਦ ਸੈਲਫ ਸਟੱਡੀ ਕਰਦੀ ਸੀ ਅਤੇ ਦੇਰ ਰਾਤ ਤੱਕ ਪੜ੍ਹਾਈ ਵਿੱਚ ਜੁਟੀ ਰਹਿੰਦੀ ਸੀ। ਉਸ ਨੇ ਬਾਇਓਲੋਜੀ ਅਤੇ ਕੈਮਿਸਟਰੀ ਦੇ ਨਾਲ-ਨਾਲ ਫਿਜ਼ਿਕਸ ਵਰਗੇ ਔਖੇ ਵਿਸ਼ੇ ‘ਤੇ ਵੀ ਟਾਈਮ ਮੈਨੇਜਮੈਂਟ ਰਾਹੀਂ ਪੂਰੀ ਪਕੜ ਬਣਾਈ।
ਨੀਟ ਪ੍ਰੀਖਿਆ ਨੂੰ ਲੈ ਕੇ ਹੋਏ ਹਾਲੀਆ ਵਿਵਾਦਾਂ ਅਤੇ ਦੁਬਾਰਾ ਪ੍ਰੀਖਿਆ (ਰੀ-ਨੀਟ) ਹੋਣ ਦੇ ਦੌਰਾਨ ਆਈਆਂ ਮਾਨਸਿਕ ਮੁਸ਼ਕਿਲਾਂ ਬਾਰੇ ਸਿਮਰਨ ਨੇ ਬੜੀ ਬੇਬਾਕੀ ਨਾਲ ਜਵਾਬ ਦਿੱਤਾ। ਉਸ ਨੇ ਦੱਸਿਆ ਕਿ ਪਹਿਲੀ ਪ੍ਰੀਖਿਆ ਵਿੱਚ ਉਸ ਦੇ 710 ਅੰਕ ਬਣ ਰਹੇ ਸਨ, ਪਰ ਜਦੋਂ ਰੀ-ਨੀਟ ਦੀ ਗੱਲ ਸਾਹਮਣੇ ਆਈ ਤਾਂ ਉਹ ਥੋੜ੍ਹੀ ਨਿਰਾਸ਼ ਜ਼ਰੂਰ ਹੋਈ ਸੀ। ਪਰ ਉਸ ਨੇ ਖੁਦ ਨੂੰ ਸੰਭਾਲਿਆ ਅਤੇ ਦੁਬਾਰਾ ਸਖ਼ਤ ਮਿਹਨਤ ਕਰਕੇ ਇਸ ਵਾਰ 715 ਅੰਕ ਹਾਸਲ ਕੀਤੇ। ਸਿਮਰਨ ਦਾ ਸੁਪਨਾ ਹੁਣ ਸਰਕਾਰੀ ਖੇਤਰ ਵਿੱਚ ਜਾ ਕੇ MBBS ਦੀ ਪੜ੍ਹਾਈ ਪੂਰੀ ਕਰਨਾ ਅਤੇ ਇੱਕ ਸਫਲ ਡਾਕਟਰ ਬਣਨਾ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ PM ਮੋਦੀ ਦੇ ਦੌਰੇ ਨੂੰ ਲੈ ਕੇ ਕਈ ਰਸਤੇ ਬੰਦ, ਕਈਆਂ ਦੇ ਬਦਲੇ ਰੂਟ, ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ
ਸਿਮਰਨ ਨੇ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਵੀ ਕਈ ਘਰਾਂ ਵਿੱਚ ਧੀਆਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਂਦਾ ਹੈ, ਪਰ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਦੇ ਸੁਪਨਿਆਂ ਨੂੰ ਖੰਭ ਦੇਣ। ਪਰਿਵਾਰ ਅਤੇ ਮਾਪਿਆਂ ਦੀ ਸਪੋਰਟ ਤੋਂ ਬਿਨਾਂ ਕੋਈ ਵੀ ਬੱਚਾ ਆਪਣੀ ਮੰਜ਼ਿਲ ਹਾਸਲ ਨਹੀਂ ਕਰ ਸਕਦਾ।
ਸਿਮਰਨ ਦੇ ਪਿਤਾ ਜਗਦੀਪ ਕੁਮਾਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਦਿਨ-ਰਾਤ ਮਿਹਨਤ ਕਰਕੇ ਪੂਰੇ ਦੇਸ਼ ਵਿੱਚ ਪਰਿਵਾਰ ਦਾ ਨਾਂ ਚਮਕਾਇਆ ਹੈ। ਉੱਥੇ ਹੀ ਮੌਕੇ ‘ਤੇ ਮੌਜੂਦ ਪਿੰਡ ਦੇ ਸਰਪੰਚ ਨੇ ਸਿਮਰਨ ਦੀ ਤਾਰੀਫ਼ ਕਰਦਿਆਂ ਕਿਹਾ, “ਅੱਜ ਦੇ ਦੌਰ ਵਿੱਚ ਜਿੱਥੇ ਜ਼ਿਆਦਾਤਰ ਬੱਚੇ ਸੋਸ਼ਲ ਮੀਡੀਆ, ਮੋਬਾਈਲ ਅਤੇ ਇੰਸਟਾਗ੍ਰਾਮ ਰੀਲਾਂ ਵਿੱਚ ਵਿਅਸਤ ਹਨ, ਸਾਡੀ ਧੀ ਨੇ ਮੋਬਾਈਲ ਦੀ ਸਹੀ ਵਰਤੋਂ ਕਰਕੇ ਅਤੇ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਸਾਡੇ ਪੂਰੇ ਇਲਾਕੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਬੱਚੇ ਨੇ ਨੀਟ ਵਰਗੀ ਪ੍ਰੀਖਿਆ ਵਿੱਚ 720 ਚੋਂ 715 ਅੰਕ ਪ੍ਰਾਪਤ ਕੀਤੇ ਹੋਣ। ਇਹ ਪੂਰੇ ਨਗਰ ਲਈ ਬਹੁਤ ਮਾਣ ਵਾਲੀ ਗੱਲ ਹੈ।”
ਵੀਡੀਓ ਲਈ ਕਲਿੱਕ ਕਰੋ -:










