ਰਾਜਪੁਰਾ ਅਧੀਨ ਪੈਂਦੇ ਬਨੂੜ-ਤੇਪਾਲ ਰੋਡ ‘ਤੇ ਪਿੰਡ ਚੰਗੇਰਾ ਕੋਲ ਐਤਵਾਰ ਨੂੰ ਖੇਤਾਂ ਵਿਚ ਖੜ੍ਹੀ ਫਾਰਚੂਨਰ ਗੱਡੀ ਵਿਚ ਇਕ ਹੀ ਪਰਿਵਾਰ ਦੇ 3 ਲੋਕਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਤਿੰਨਾਂ ਦੇ ਗੋਲੀ ਲੱਗੀ ਸੀ। ਉਹ ਗੱਡੀ ਸੜਕ ਤੋਂ ਕੁਝ ਹੇਠਾਂ ਖੇਤਾਂ ਵੱਲ ਨੂੰ ਖੜ੍ਹੀ ਸੀ। ਖੇਤ ਵਿਚ ਟਿਊਬਵੈੱਲ ਲਗਾਉਣ ਲਈ ਪਹੁੰਚੇ ਪਿੰਡ ਵਾਲਿਆਂ ਨੇ ਜਦੋਂ ਗੱਡੀ ਦੇਖੀ ਤਾਂ ਉਸ ਵਿਚ ਤਿੰਨ ਦੇਹਾਂ ਨਜ਼ਰ ਆਈਆਂ।
ਇਸ ਦੇ ਬਾਅਦ ਤੁਰੰਤ ਬਨੂੜ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਜਾਂਚ ਦੌਰਾਨ ਗੱਡੀ ਅੰਦਰ ਇਕ ਪੁਰਸ਼, ਇਕ ਮਹਿਲਾ ਤੇ ਇਕ ਨੌਜਵਾਨ ਦੀ ਦੇਹ ਮਿਲੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ।
ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ (45), ਉਨ੍ਹਾਂ ਦੀ ਪਤਨੀ ਮਨਦੀਪ ਕੌਰ (42) ਤੇ ਮੁੰਡਾ ਅਭੈ (15) ਵਜੋਂ ਹੋਈ ਹੈ।ਇਹ ਮੋਹਾਲੀ ਦੇ ਰਹਿਣ ਵਾਲੇ ਸਨ। ਰਾਜਪੁਰਾ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਮਾਮਲਾ ਆਤਮਹੱਤਿਆ ਦਾ ਲੱਗ ਰਿਹਾ ਹੈ। ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿਚ ਇਕ ਪਿਸਤੌਲ ਮਿਲੀ ਹੈ ਤੇ ਤਿੰਨਾਂ ਦੇ ਸਿਰ ‘ਤੇ ਗੋਲੀ ਦੇ ਨਿਸ਼ਾਨ ਹਨ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੰਦੀਪ ਨੇ ਪਹਿਲਾਂ ਆਪਣੀ ਪਤਨੀ ਮਨਦੀਪ ਕੌਰ ਤੇ ਬੇਟੇ ਅਭੈ ਨੂੰ ਗੋਲੀ ਮਾਰੀ ਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਮੁਤਾਬਕ ਮ੍ਰਿਤਕ ਸੰਦੀਪ ਸਿੰਘ ਮੂਲ ਤੌਰ ਤੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਖਵਾਲਾ ਦਾ ਨਿਵਾਸੀ ਸੀ। ਉਹ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਗੁਰੂਗ੍ਰਾਮ ਵਿਚ ਰਿਹਾ ਤੇ ਤਿੰਨ ਸਾਲ ਪਹਿਲਾਂ ਮੋਹਾਲੀ ਸ਼ਿਫਟ ਹੋ ਗਿਆ ਸੀ। ਉਹ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਤੇ ਆਰਥਿਕ ਤੌਰ ਤੋਂ ਸੰਪੰਨ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਏਅਰ ਇੰਡੀਆ ਦੇ ਜਹਾਜ਼ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸਾਊਦੀ ਅਰਬ ‘ਚ ਐਮਰਜੈਂਸੀ ਲੈਂਡਿੰਗ
ਪਰਿਵਾਰ ਵਿਚ ਸੰਦੀਪ ਦਾ ਇਕ ਭਰਾ ਹੈ ਜੋ ਬਠਿੰਡਾ ਵਿਚ ਰਹਿੰਦਾ ਹੈ ਜਦੋਂ ਕਿ ਭੈਣ ਅਮਰੀਕਾ ਵਿਚ ਰਹਿੰਦੀ ਹੈ। ਫਿਲਹਾਲ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਿਸ ਨੇ ਮੋਹਾਲੀ ਸਥਿਤ ਸੰਦੀਪ ਦੀ ਰਿਹਾਇਸ਼ ਦੀ ਵੀ ਤਲਾਸ਼ੀ ਲੈਣ ਦੀ ਯੋਜਨਾ ਬਣਾਈ ਹੈ ਤਾਂ ਕਿ ਆਤਮਹੱਤਿਆ ਦੇ ਪਿੱਛੇ ਦਾ ਕਾਰਨ ਪਤਾ ਲਗਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























